ਲੋਕ ਸਭਾ ਵਿਚ ਖੇਤੀ ਕਾਨੂੰਨਾਂ ਦੀ ਵਾਪਸੀ ਦਾ ਬਿੱਲ ਪਾਸ

speaker/nawanpunjab.com

ਨਵੀਂ ਦਿੱਲੀ, 29 ਨਵੰਬਰ (ਦਲਜੀਤ ਸਿੰਘ)- ਅੱਜ ਯਾਨੀ ਕਿ ਸੋਮਵਾਰ ਸੰਸਦ ਦਾ ਸਰਦ ਰੁੱਤ ਸੈਸ਼ਨ ਸ਼ੁਰੂ ਹੋ ਗਿਆ ਹੈ। ਲੋਕ ਸਭਾ ’ਚ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਖੇਤੀ ਕਾਨੂੰਨ ਵਾਪਸੀ ਬਿੱਲ, 2021 ਪੇਸ਼ ਕੀਤਾ। ਵਿਰੋਧੀ ਧਿਰ ਦੇ ਹੰਗਾਮੇ ਦਰਮਿਆਨ ਆਵਾਜ਼ ਮਤ ਨਾਲ ਬਿੱਲ ਪਾਸ ਕਰ ਦਿੱਤਾ ਗਿਆ। ਲੋਕ ਸਭਾ ’ਚ ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਨੇ ਸਦਨ ਵਿਚ ਬਿੱਲ ’ਤੇ ਚਰਚਾ ਦੀ ਮੰਗ ਕੀਤੀ ਸੀ।ਦੱਸ ਦੇਈਏ ਕਿ ਸਵੇਰੇ ਕਰੀਬ 11 ਵਜੇ ਸੰਸਦ ਸ਼ੁਰੂ ਹੁੰਦੇ ਹੀ ਮਹਿਜ 12 ਮਿੰਟ ਬਾਅਦ ਲੋਕ ਸਭਾ ਦੀ ਕਾਰਵਾਈ 12 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਸੀ। ਦੁਪਹਿਰ 12 ਵਜੇ ਮਗਰੋਂ ਲੋਕ ਸਭਾ ਦੀ ਕਾਰਵਾਈ ਮੁੜ ਸ਼ੁਰੂ ਕੀਤੀ ਗਈ। ਕਾਰਵਾਈ ਸ਼ੁਰੂ ਹੁੰਦੇ ਹੀ ਵਿਰੋਧੀ ਧਿਰ ਦੇ ਮੈਂਬਰਾਂ ਨੇੇ ਮੁੜ ਹੰਗਾਮਾ ਕੀਤਾ। ਹੰਗਾਮੇ ਦੌਰਾਨ ਹੀ ਲੋਕ ਸਭਾ ’ਚ ਖੇਤੀ ਕਾਨੂੰਨ ਦੀ ਵਾਪਸੀ ਦਾ ਬਿੱਲ ਪਾਸ ਕਰ ਦਿੱਤਾ ਗਿਆ। ਵਿਰੋਧੀ ਧਿਰ ਦੇ ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ ਨੂੰ ਦੁਪਹਿਰ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ।

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 19 ਨਵੰਬਰ 2021 ਨੂੰ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਗਿਆ। ਪ੍ਰਧਾਨ ਮੰਤਰੀ ਵਲੋਂ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਐਲਾਨ ਮਗਰੋਂ ਬਿੱਲ ਨੂੰ ਕੇਂਦਰੀ ਕੈਬਨਿਟ ਦੀ ਮਨਜ਼ੂਰੀ ਪ੍ਰਦਾਨ ਕੀਤੀ ਸੀ। ਇਸ ਐਲਾਨ ਮਗਰੋਂ ਕਿਸਾਨਾਂ ਦਾ ਅੰਦੋਲਨ ਜਾਰੀ ਹੈ ਅਤੇ ਉਹ ਐੱਮ. ਐੱਸ. ਪੀ. ’ਤੇ ਗਰੰਟੀ ਕਾਨੂੰਨ ਸਮੇਤ ਕੁਝ ਹੋਰ ਮੰਗਾਂ ’ਤੇ ਅੜੇ ਹੋਏ ਹਨ। ਜਦਕਿ ਵਿਰੋਧੀ ਧਿਰ ਬਿੱਲ ’ਤੇ ਚਰਚਾ ਦੀ ਮੰਗ ਕਰ ਰਿਹਾ ਹੈ।

Leave a Reply

Your email address will not be published. Required fields are marked *