ਅੰਮ੍ਰਿਤਸਰ, 29 ਨਵੰਬਰ (ਦਲਜੀਤ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚੰਨੀ ਸਰਕਾਰ ‘ਤੇ ਵਰ੍ਹਦਿਆਂ ਕਿਹਾ ਹੈ ਕਿ ਲੋਕ ਚੰਨੀ ਸਰਕਾਰ ਤੋਂ ਕੋਈ ਉਮੀਦ ਨਾ ਰੱਖਣ ਕਿਉਂਕਿ ਇਹ ਝੂਠ ਬੋਲਣ ਵਾਲੀ ਸਰਕਾਰ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਜਿਹੜੀ ਸਰਕਾਰ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਝੂਠ ਬੋਲਦੀ ਹੈ, ਉਸ ‘ਤੇ ਵਿਸ਼ਵਾਸ ਕਰਨ ਦੀ ਲੋੜ ਨਹੀਂ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਇਸ ਸਰਕਾਰ ਲਈ ਕਿਸੇ ਨੂੰ ਟੈਂਕੀ ‘ਤੇ ਚੜ੍ਹਨ ਦੀ ਲੋੜ ਨਹੀਂ ਅਤੇ ਨਾ ਹੀ ਡਾਂਗਾਂ ਖਾਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਲੋਕ ਅਕਾਲੀ-ਬਸਪਾ ਗਠਜੋੜ ਨੂੰ ਅੱਗੇ ਲੈ ਕੇ ਆਉਣ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਮੁਲਾਜ਼ਮਾਂ ਦੀ ਗੱਲ ਕੀਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਦਾ ਪੰਜਾਬ ਬਣਿਆ ਹੈ, ਮੁਲਾਜ਼ਮਾਂ ਨੂੰ ਜਿੰਨੀਆਂ ਸਹੂਲਤਾਂ ਮਿਲੀਆਂ ਹਨ, ਸਭ ਅਕਾਲੀ ਦਲ ਨੇ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਜਿੰਨੇ ਪੇਅ ਕਮਿਸ਼ਨ ਲਾਗੂ ਹੋਏ ਹਨ, ਅਕਾਲੀ ਦਲ ਦੀ ਸਰਕਾਰ ‘ਚ ਲਾਗੂ ਹੋਏ ਹਨ। ਇਸ ਮੌਕੇ ਸੁਖਬੀਰ ਬਾਦਲ ਵੱਲੋਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ‘ਤੇ ਵੀ ਨਿਸ਼ਾਨਾ ਵਿੰਨ੍ਹਿਆ ਗਿਆ।
ਉਨ੍ਹਾਂ ਕਿਹਾ ਕਿ ਉਹ ਕੇਜਰੀਵਾਲ ਨੂੰ ਕਹਿਣਾ ਚਾਹੁੰਦੇ ਹਨ ਕਿ ਉਨ੍ਹਾਂ ਨੇ ਜਿੰਨੇ ਵੀ ਪੰਜਾਬ ‘ਚ ਐਲਾਨ ਕਰਨੇ ਹਨ, ਉਹ ਐਲਾਨ ਪਹਿਲਾਂ ਦਿੱਲੀ ‘ਚ ਕਰਕੇ ਆਉਣ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦਿੱਲੀ ‘ਚ ਤਾਂ ਕੁੱਝ ਕਰਦੇ ਨਹੀਂ ਅਤੇ ਜੇਕਰ ਉਨ੍ਹਾਂ ‘ਚ ਹਿੰਮਤ ਹੈ ਤਾਂ ਪਹਿਲਾਂ ਦਿੱਲੀ ਵਾਲਿਆਂ ਲਈ ਐਲਾਨ ਕਰਨ ਅਤੇ ਉਨ੍ਹਾਂ ਨੂੰ ਗਾਰੰਟੀਆਂ ਦੇਣ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀਆਂ ਔਰਤਾਂ ਨੂੰ 1000 ਰੁਪਏ ਦੇਣ ਦਾ ਐਲਾਨ ਕਰਨ ਵਾਲੇ ਕੇਜਰੀਵਾਲ ਨੇ 10 ਸਾਲਾਂ ਦੌਰਾਨ ਦਿੱਲੀ ਦੀਆਂ ਔਰਤਾਂ ਨੂੰ 100 ਰੁਪਏ ਵੀ ਨਹੀਂ ਦਿੱਤੇ। ਉਨ੍ਹਾਂ ਕਿਹਾ ਕਿ ਕੇਜਰੀਵਾਲ ਪਹਿਲਾਂ ਦਿੱਲੀ ਦੀ ਜਨਤਾ ਲਈ ਐਲਾਨ ਕਰਕੇ ਆਉਣ ਤਾਂ ਪੰਜਾਬ ਦੀ ਜਨਤਾ ਉਨ੍ਹਾਂ ਦੇ ਐਲਾਨਾਂ ਨੂੰ ਮੰਨੇਗੀ।