ਜਲੰਧਰ, 25 ਨਵੰਬਰ (ਦਲਜੀਤ ਸਿੰਘ)- ਟੈਟ ਪਾਸ ਬੇਰੋਜ਼ਗਾਰ ਬੀ. ਐੱਡ. ਅਧਿਆਪਕਾਂ ਵੱਲੋਂ ਅੱਜ ਫਿਰ ਤੋਂ ਇਕ ਵਾਰ ਸਿੱਖਿਆ ਮੰਤਰੀ ਪਰਗਟ ਸਿੰਘ ਦੀ ਰਿਹਾਇਸ਼ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਉਨ੍ਹਾਂ ਬੇਰੋਜ਼ਗਾਰ ਅਧਿਆਪਕਾਂ ਦੀ ਉਥੇ ਤਾਇਨਾਤ ਪੁਲਸ ਨਾਲ ਝੜਪ ਵੀ ਹੋਈ ਪਰ ਬੈਰੀਕੇਡਿੰਗ ਨੂੰ ਲੰਘਣ ਦੇ ਚੱਕਰ ਵਿਚ ਇਹ ਅਧਿਆਪਕ ਪੁਲਸ ਨਾਲ ਭਿੜ ਗਏ। ਜ਼ਬਰਦਸਤ ਪ੍ਰਦਰਸ਼ਨ ਕਰਦਿਆਂ ਧੱਕਾ-ਮੁੱਕੀ ਦੌਰਾਨ ਅਧਿਆਪਕਾਂ ਵੱਲੋਂ ਪੰਜਾਬ ਪੁਲਸ ਦੇ ਮੁਲਾਜ਼ਮਾਂ ਦੇ ਹੱਥਾਂ ਉਤੇ ਦੰਦਾਂ ਨਾਲ ਦੰਦੀਆਂ ਵੀ ਵੱਢੀਆਂ ਗਈਆਂ ਹਨ। ਅਧਿਆਪਕਾਂ ਨੇ ਇਸ ਦੌਰਾਨ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਨ੍ਹਾਂ ਦਾ ਕਹਿਣਾ ਸੀ ਕਿ ਸਰਕਾਰ ਵਾਰ-ਵਾਰ ਲਾਰੇ ਲਾ ਕੇ ਸਿਰਫ ਸਮਾਂ ਕੱਢ ਰਹੀ ਹੈ, ਜਦੋਂ ਕਿ ਸਰਕਾਰ ਨੂੰ ਬੇਰੋਜ਼ਗਾਰ ਅਧਿਆਪਕਾਂ ਪ੍ਰਤੀ ਗੰਭੀਰਤਾ ਵਿਖਾਉਂਦਿਆਂ ਉਨ੍ਹਾਂ ਦੀ ਭਰਤੀ ਲਈ ਇਸ਼ਤਿਹਾਰ ਜਾਰੀ ਕਰਨਾ ਚਾਹੀਦਾ ਹੈ।
ਇਥੇ ਇਹ ਵੀ ਦੱਸਣਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਜਲੰਧਰ ਦੇ ਬੱਸ ਸਟੈਂਡ ਵਿਚ ਟੈਟ ਪਾਸ ਬੇਰੋਜ਼ਗਾਰ ਬੀ. ਐੱਡ. ਅਧਿਆਪਕਾਂ ਵੱਲੋਂ ਪੱਕਾ ਮੋਰਚਾ ਲਗਾਇਆ ਗਿਆ ਹੈ ਅਤੇ ਕੱਲ ਵੀ ਟੈਟ ਪਾਸ ਬੇਰੋਜ਼ਗਾਰ ਬੀ. ਐੱਡ. ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਪਰਗਟ ਸਿੰਘ ਦੀ ਰਿਹਾਇਸ਼ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਇੰਨੇ ਵਿਚ ਕੁਝ ਅਧਿਆਪਕ ਪੁਲਸ ਵੱਲੋਂ ਕੀਤੀ ਗਈ ਬੈਰੀਕੇਡਿੰਗ ਨੂੰ ਲੰਘਣ ਵਿਚ ਸਫਲ ਰਹੇ ਅਤੇ ਅੱਗੇ ਪਹੁੰਚ ਗਏ ਸਨ ਪਰ ਪੁਲਸ ਵੱਲੋਂ ਪਰਗਟ ਸਿੰਘ ਦੇ ਘਰ ਦੇ ਬਿਲਕੁਲ ਬਾਹਰ ਇਕ ਹੋਰ ਬੈਰੀਕੇਡਿੰਗ ਕੀਤੀ ਗਈ ਸੀ, ਜਿੱਥੇ ਫਿਰ ਤੋਂ ਇਨ੍ਹਾਂ ਅਧਿਆਪਕਾਂ ਨੂੰ ਪੁਲਸ ਵੱਲੋਂ ਰੋਕ ਲਿਆ ਗਿਆ।