ਚੰਡੀਗੜ੍ਹ, 20 ਨਵੰਬਰ (ਦਲਜੀਤ ਸਿੰਘ)- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਉੱਘੇ ਗਾਇਕ ਸੁਖਵਿੰਦਰ ਸਿੰਘ ਨੂੰ ਰਾਜ ਗਾਇਕ ਅਤੇ ਸ਼ਾਇਰ ਸੁਰਜੀਤ ਪਾਤਰ ਨੂੰ ਸ਼੍ਰੋਮਣੀ ਸਾਹਿਤਕਾਰ ਦੇ ਮਾਣ ਨਾਲ ਨਿਵਾਜਦੇ ਹੋਏ ਦੋਹਾਂ ਨੂੰ ਕੈਬਨਿਟ ਰੈਂਕ ਦੇਣ ਦਾ ਐਲਾਨ ਕੀਤਾ ਹੈ। ਦੱਸਣਯੋਗ ਹੈ ਕਿ ਚਮਕੌਰ ਸਾਹਿਬ ਵਿਖੇ ਦਾਸਤਾਨ-ਏ-ਸ਼ਹਾਦਤ ਨੂੰ ਸਮਰਪਿਤ ਸੰਗੀਤਕ ਸ਼ਾਮ ਦੌਰਾਨ ਦੋਹਾਂ ਸ਼ਖ਼ਸੀਅਤਾਂ ਵੱਲੋਂ ਸਿੱਖ ਇਤਿਹਾਸ ਦੀ ਇਸ ਅਜ਼ੀਮ ਯਾਦਗਾਰ ‘ਚ ਪਾਏ ਯੋਗਦਾਨ ਦੀ ਤਾਰੀਫ਼ ਕਰਦਿਆਂ ਮੁੱਖ ਮੰਤਰੀ ਵੱਲੋਂ ਇਨ੍ਹਾਂ ਦੋਹਾਂ ਨੂੰ ਪੰਜਾਬ ਦੇ ਇਕ ਅਹਿਮ ਅਤੇ ਵੱਕਾਰੀ ਸਨਮਾਨ ਦੇਣ ਦਾ ਐਲਾਨ ਕੀਤਾ ਗਿਆ।
ਦੱਸਣਯੋਗ ਹੈ ਕਿ ਦਾਸਤਾਨ-ਏ-ਸ਼ਹਾਦਤ ਪ੍ਰਾਜੈਕਟ ਦੀ ਪਟਕਥਾ ਪਦਮਸ਼੍ਰੀ ਡਾ. ਸੁਰਜੀਤ ਪਾਤਰ ਨੇ ਲਿਖੀ ਹੈ। ਇਸ ਦੇ ਨਾਲ ਹੀ ਗੈਲਰੀਆਂ ‘ਚ ਦਿਖਾਈਆਂ ਜਾਂਦੀਆਂ ਸਿੱਖ ਇਤਿਹਾਸ ਨੂੰ ਦਰਸਾਉਂਦੀਆਂ ਐਨੀਮੇਸ਼ਨ ਫ਼ਿਲਮਾਂ, ਗੀਤ ਅਤੇ ਟਿੱਪਣੀਆਂ ਮੁੰਬਈ ਅਤੇ ਦਿੱਲੀ ਦੇ ਨਾਮਵਰ ਸਟੂਡੀਓ ਤੋਂ ਤਿਆਰ ਕੀਤੀਆਂ ਗਈਆਂ ਹਨ।