ਪੰਜਾਬ ਮੰਤਰੀ ਮੰਡਲ ਨੇ ਸਿਵਲੀਅਨ ਸਹਿਯੋਗੀ ਸਟਾਫ ਦੀਆਂ 798 ਅਸਾਮੀਆਂ ਦੀ ਸਿਰਜਣਾ ਨੂੰ ਦਿੱਤੀ ਹਰੀ ਝੰਡੀ

cabinet/ nawanpunjab.com

ਚੰਡੀਗੜ੍ਹ, 18 ਜੂਨ (ਦਲਜੀਤ ਸਿੰਘ)- ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ ਵਿਚ ਜਾਂਚ ਦੀ ਕਾਰਜਕੁਸ਼ਲਤਾ ਅਤੇ ਸਮੁੱਚੀ ਕਾਰਜਪ੍ਰਣਾਲੀ ਵਿਚ ਸੁਧਾਰ ਲਿਆਉਣ ਲਈ ਪੰਜਾਬ ਮੰਤਰੀ ਮੰਡਲ ਨੇ ਸ਼ੁੱਕਰਵਾਰ ਨੂੰ ਸਿਵਲੀਅਨ ਸਹਿਯੋਗੀ ਸਟਾਫ (ਮਾਹਿਰ ਸਹਿਯੋਗੀ ਸਟਾਫ) ਦੀਆਂ 798 ਅਸਾਮੀਆਂ ਦੀ ਸਿਰਜਣਾ ਨੂੰ ਹਰੀ ਝੰਡੀ ਦੇ ਦਿੱਤੀ ਹੈ। 915 ਸਿਪਾਹੀਆਂ ਦੀਆਂ ਅਸਾਮੀਆਂ ਖ਼ਤਮ ਕਰਨ ਦੇ ਨਾਲ ਇਹ ਅਸਾਮੀਆਂ ਬਿਨਾਂ ਕਿਸੇ ਮਾਲੀਆ ਦੇ ਬੋਝ ਨਾਲ ਭਰੀਆਂ ਜਾਣਗੀਆਂ ਜਿਸ ਦਾ ਕੋਈ ਵਾਧੂ ਵਿੱਤੀ ਪ੍ਰਭਾਵ ਨਹੀਂ ਪਵੇਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਦੀ ਵਰਚੁਅਲ ਮੀਟਿੰਗ ਉਪਰੰਤ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਅਸਾਮੀਆਂ ਦੀ ਸਿਰਜਣਾ ਕਰਨ ਦੇ ਫ਼ੈਸਲੇ ਦਾ ਮੰਤਵ ਅਮਨ ਤੇ ਕਾਨੂੰਨ ਵਿਵਸਥਾ ਦੇ ਲਿਹਾਜ਼ ਨਾਲ ਕੰਮਕਾਜ ਵਿਚ ਕਾਰਜਕੁਸ਼ਲਤਾ ਵਧਾ ਕੇ ਜਾਂਚ ਦੇ ਕੰਮਕਾਜ ਨੂੰ ਹੋਰ ਵਧਾਉਣਾ ਹੈ। ਕੈਬਨਿਟ ਨੇ ਪੁਨਰਗਠਨ ਦੇ ਕੰਮ ਲਈ ਜ਼ਰੂਰੀ ਨਿਯਮ ਬਣਾਉਣ ਲਈ ਮੁੱਖ ਮੰਤਰੀ ਨੂੰ ਅਧਿਕਾਰਤ ਕੀਤਾ ਹੈ।

ਨਵੀਆਂ ਬਣਾਈਆਂ ਜਾ ਰਹੀਆਂ ਅਸਾਮੀਆਂ ਵਿਚੋਂ ਕਾਨੂੰਨੀ ਖੇਤਰ ਵਿਚ 157 ਅਸਾਮੀਆਂ (120 ਸਹਾਇਕ ਲੀਗਲ ਅਫਸਰ, 28 ਲੀਗਲ ਅਫਸਰ, 8 ਲੀਗਲ ਸਲਾਹਕਾਰ ਅਤੇ ਇਕ ਮੁੱਖ ਲੀਗਲ ਸਲਾਹਕਾਰ), ਫੋਰੈਂਸਿਕ ਖੇਤਰ ਵਿਚ 242 ਅਸਾਮੀਆਂ (150 ਸਹਾਇਕ ਫੋਰੈਂਸਿਕ ਅਫਸਰ, 60 ਫੋਰੈਂਸਕ ਅਫਸਰ, 31 ਸੀਨੀਅਰ ਫੋਰੈਂਸਿਕ ਸੁਪਰਵਾਈਜ਼ਰ ਤੇ ਇਕ ਮੁੱਖ ਫੋਰੈਂਸਿਕ ਅਫਸਰ), ਸੂਚਨਾ ਤਕਨਾਲੋਜੀ ਖੇਤਰ ਵਿਚ 301 (214 ਸੂਚਨਾ ਤਕਨਾਲੋਜੀ ਸਹਾਇਕ ਸਾਫਟਵੇਅਰ, 53 ਸੂਚਨਾ ਤਕਨਾਲੋਜੀ ਅਫਸਰ, 33 ਕੰਪਿਊਟਰ/ਡਿਜੀਟਲ ਫੋਰੈਂਸਿਕ ਅਫਸਰ ਤੇ ਇਕ ਚੀਫ ਸੂਚਨਾ ਤਕਨਾਲੋਜੀ ਅਫਸਰ) ਅਤੇ ਵਿੱਤੀ ਖੇਤਰ ਵਿਚ 70 ਸਹਾਇਕ ਵਿੱਤੀ ਪੜਤਾਲਕਾਰ, 27 ਵਿੱਤੀ ਅਫਸਰ ਅਤੇ 1 ਮੁੱਖ ਵਿੱਤੀ ਅਫਸਰ ਸ਼ਾਮਲ ਹਨ।
ਪੇਡਾ ਤੇ ਚੀਫ ਇਲੈਕਟ੍ਰੀਕਲ ਇੰਸਪੈਕਟਰ ਵਿਭਾਗਾਂ ਦੇ ਪੁਨਰਗਠਨ ਨੂੰ ਦਿੱਤੀ ਪ੍ਰਵਾਨਗੀ

ਮੰਤਰੀ ਮੰਡਲ ਨੇ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਵਿਚ ਪੁਨਰ ਗਠਨ ਦੇ ਹਿੱਸੇ ਵਜੋਂ 29 ਖਾਲੀ ਅਸਾਮੀਆਂ ਦੀ ਸਿਰਜਣਾ ਨੂੰ ਹਰੀ ਝੰਡੀ ਦੇ ਦਿੱਤੀ। ਇਨ੍ਹਾਂ ਅਸਾਮੀਆਂ ਵਿਚ 15 ਮੈਨੇਜਰ, 5-5 ਸਹਾਇਕ ਮੈਨੇਜਰ ਤੇ ਕਲਰਕ ਕਮ ਡਾਟਾ ਐਂਟਰੀ ਆਪ੍ਰੇਟਰਜ਼ (ਕੇਂਦਰੀ ਪੂਲ ਵਿੱਚੋਂ ਲਏ ਜਾਣਗੇ), ਦੋ ਸਹਾਇਕ ਮੈਨੇਜਰ (ਲੇਖਾ), 1-1 ਪ੍ਰੋਗਰਾਮਰ ਤੇ ਸਹਾਇਕ ਮੈਨੇਜਰ (ਲੋਕ ਸੰਪਰਕ) ਸ਼ਾਮਲ ਹਨ। ਗਰੁੱਪ ਡੀ ਦੀਆਂ ਸਾਰੀਆਂ ਅਸਾਮੀਆਂ ਨੂੰ ਡਾਇੰਗ ਕਾਡਰ ਐਲਾਨਦਿਆਂ ਸਾਰੀਆਂ ਅਸਾਮੀਆਂ ਖ਼ਤਮ ਕਰ ਦਿੱਤੀਆਂ ਹਨ। ਅੱਗੇ ਤੋਂ ਭਰਤੀ ਆਊਟਸੋਰਸਿੰਗ ਦੇ ਆਧਾਰ ’ਤੇ ਹੋਵੇਗੀ।

Leave a Reply

Your email address will not be published. Required fields are marked *