ਚੰਡੀਗੜ੍ਹ,16 ਨਵੰਬਰ (ਦਲਜੀਤ ਸਿੰਘ)- ਇਕੱਠੀ ਸ਼ਕਤੀ ਜਿੱਤ ਦਾ ਅਤੇ ਵੰਡੀ ਹੋਈ ਸ਼ਕਤੀ ਹਾਰ ਦਾ ਕਾਰਣ ਬਣਦੀ ਹੈ। ਕਾਂਗਰਸ ਇਕ ਹੈ ਅਤੇ ਇਕ ਮੁੱਠ ਹੋ ਕੋ ਕੰਮ ਕਰ ਰਹੀ ਹੈ। ਇਸ ਦੀ ਮਿਸਾਲ ਲੰਘੇ ਵਿਧਾਨ ਸਭਾ ਸੈਸ਼ਨ ਤੋਂ ਮਿਲਦੀ ਹੈ। ਕਾਂਗਰਸ ਇਸ ਮਹੀਨੇ ਆਪਣੀ ਤਾਕਤ ਦਿਖਾਵੇਗੀ, ਜਿਸ ਨੂੰ ਸਾਰੇ ਦੇਖਦੇ ਰਹਿ ਜਾਣਗੇ। ਇਹ ਬਿਆਨ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਦਿੱਤਾ ਹੈ। ਸਿੱਧੂ ਅੱਜ ਪਾਰਟੀ ਦਫਤਰ ਵਿਚ ਵਾਪਸੀ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਦੌਰਾਨ ਸਿੱਧੂ ਨੇ ਕਿਹਾ ਕਿ ਸਰਕਾਰ ਸੱਤਾ ਹਾਸਲ ਕਰਨ ਕਰਕੇ ਨਹੀਂ ਸਗੋਂ ਲੋਕਾਂ ਦੀ ਜ਼ਿੰਦਗੀ ਬਦਲਣ ਲਈ ਬਨਾਉਣੀ ਹੈ। ਪੰਜਾਬ ਸਭ ਤੋਂ ਵੱਧ ਕਰਜ਼ਾਈ ਹੈ ਅੱਜ ਲੋੜ ਹੈ ਆਮਦਨ ਦੇ ਸ੍ਰੋਤ ਪੈਦਾ ਕਰਨ ਦੀ। ਜਦੋਂ ਤੱਕ ਕੋਈ ਸੂਬਾ ਆਤਮਨਿਰਭਰ ਨਹੀਂ ਬਣਦਾ, ਉਦੋਂ ਤੱਕ ਤਰੱਕੀ ਨਹੀਂ ਕਰ ਸਕਦਾ। ਇਕ ਸਵਾਲ ਦਾ ਸਵਾਲ ਦਾ ਜਵਾਬ ਦਿੰਦਿਆਂ ਸਿੱਧੂ ਨੇ ਕਿਹਾ ਕਿ ਉਮੀਦਵਾਰਾਂ ਦੀ ਸੂਚੀ ਅਖੀਰ ਵਿਚ ਜਾਰੀ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਜ਼ਰੂਰੀ ਨਹੀਂ ਕਿ ਮੌਜੂਦਾ ਵਿਧਾਇਕ ਨੂੰ ਹੀ ਟਿਕਟ ਦਿੱਤੀ ਜਾਵੇ, ਸਰਵੇ ਦੇ ਆਧਾਰ ’ਤੇ ਹੀ ਟਿਕਟ ਦਿੱਤੀ ਜਾਵੇਗੀ ਅਤੇ ਟਿੱਕਟ ਹੀ ਜਿੱਤ ਦਾ ਪੈਮਾਨਾ ਹੈ।
ਕਾਂਗਰਸ ਦੇ ਸੰਗਠਨਾਤਮਕ ਢਾਂਚੇ ਲਈ ਕੰਮ ਕੀਤਾ ਜਾ ਰਿਹਾ ਹੈ ਅਤੇ ਜਲਦੀ ਹੀ ਇਸ ਦਾ ਐਲਾਨ ਕਰ ਦਿੱਤਾ ਜਾਵੇਗਾ। ਇਸ ਦੌਰਾਨ ਸਿੱਧੂ ਨਾਲ ਮੌਜੂਦ ਹਰੀਸ਼ ਚੌਧਰੀ ਨੇ ਮੁੱਖ ਦੇ ਚਿਹਰੇ ਸੰਬੰਧੀ ਪੁੱਛੇ ਗਏ ਸਵਾਲ ਦਾ ਗੋਲਮੋਲ ਜਵਾਬ ਦਿੰਦਿਆਂ ਕਿਹਾ ਕਿ ਕਾਂਗਰਸ ਦਾ ਹਰ ਵਰਕਰ ਮੁੱਖ ਦਾ ਚਿਹਰਾ ਹੈ। ਉਨ੍ਹਾਂ ਕਿਹਾ ਕਾਂਗਰਸ ਸਾਰਿਆਂ ਨੂੰ ਨਾਲ ਲੈ ਕੇ ਚੱਲ ਰਹੀ ਹੈ ਅਤੇ ਪੰਜਾਬ ਅਤੇ ਪੰਜਾਬੀਅਤ ਦਾ ਚੰਗਾ ਸੋਚਣ ਵਾਲੇ ਉਨ੍ਹਾਂ ਦਾ ਸਾਥ ਦੇ ਰਹੇ ਹਨ। ਨਵਜੋਤ ਸਿੱਧੂ ਨੇ ਕਿਹਾ ਕਿ ਪੰਜਾਬ ਨੂੰ ਤੱਰਕੀ ਦੇ ਰਾਹ ’ਤੇ ਲਿਜਾਣ ਲਈ ਇਕ ਰੋਡ ਮੈਪ ਦੀ ਜ਼ਰੂਰਤ ਹੈ ਜਿਹੜਾ ਉਨ੍ਹਾਂ ਨੇ ਤਿਆਰ ਕੀਤਾ ਹੈ। ਇਸ ਰੋਡ ਮੈਪ ਨੂੰ ਹਾਈਕਮਾਨ ਨੇ ਵੀ ਪ੍ਰਵਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਕੱਲੇ ਖਜ਼ਾਨਾ ਮੰਤਰੀ ਨੂੰ ਹੀ ਕਿਸੇ ਕਾਰਣ ਦੋਸ਼ ਨਹੀਂ ਦਿੱਤਾ ਜਾ ਸਕਦਾ ਹੈ। ਲੋਕਾਂ ਦਾ ਵਿਸ਼ਵਾਸ ਬਹਾਲ ਕਰਨ ਦਾ ਸਾਡੇ ਕੋਲ ਮੌਕਾ ਹੈ, ਅਸੀਂ ਜੋ ਵੀ ਕਿਹਾ ਜਾਂ ਕਹਾਂਗੇ ਉਸ ਨੂੰ ਪੂਰਿਆਂ ਕਰਨਾ ਸਾਡੀ ਜ਼ਿੰਮੇਵਾਰੀ ਹੈ।