ਲੁਧਿਆਣਾ, 16 ਨਵੰਬਰ (ਦਲਜੀਤ ਸਿੰਘ)- ਆਮਦਨ ਟੈਕਸ ਵਿਭਾਗ ਦੇ ਇਨਵੈਸਟੀਗੇਸ਼ਨ ਵਿੰਗ ਵੱਲੋਂ ਭਾਰੀ ਸੀ. ਆਰ. ਪੀ. ਐੱਫ. ਫੋਰਸ ਸਮੇਤ ਮੰਗਲਵਾਰ ਸਵੇਰੇ 6 ਵਜੇ ਸ਼ਹਿਰ ਦੇ ਰੀਅਲ ਅਸਟੇਟ ਕਾਰੋਬਾਰੀਆਂ ‘ਤੇ ਛਾਪੇਮਾਰੀ ਕੀਤੀ ਗਈ। ਵਿਭਾਗੀ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਲੁਧਿਆਣਾ ਅਕਾਲੀ ਦਲ ਦੇ ਮੁੱਲਾਂਪੁਰ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦੀਆਂ 8-10 ਲੋਕੇਸ਼ਨਾਂ ‘ਤੇ ਕਾਰਵਾਈ ਕੀਤੀ ਗਈ। ਇਸ ਕਾਰਵਾਈ ‘ਚ ਉਨ੍ਹਾਂ ਦੀ ਰਿਹਾਇਸ਼ ਤੋਂ ਲੈ ਕੇ ਫਾਰਮ ਹਾਊਸ, ਦਫ਼ਤਰ ਅਤੇ ਗੋਲਫ ਲੰਿਕ ਵੀ ਸ਼ਾਮਲ ਹਨ। ਇਹ ਕਾਰਵਾਈ ਜੁਆਇੰਟ ਡਾਇਰੈਕਟਰ ਰਿਸ਼ੀ ਕੁਮਾਰ ਦੇ ਨਿਰਦੇਸ਼ਾਂ ‘ਤੇ ਕੀਤੀ ਗਈ।
ਵਿਭਾਗੀ ਸੂਤਰਾਂ ਦੀ ਮੰਨੀਏ ਤਾਂ ਵਿਭਾਗ ਪਿਛਲੇ ਲੰਬੇ ਸਮੇਂ ਤੋਂ ਇਨ੍ਹਾਂ ਯੂਨਿਟਾਂ ‘ਤੇ ਪੈਨੀ ਨਜ਼ਰ ਰੱਖ ਰਿਹਾ ਸੀ।
ਦੱਸਿਆ ਜਾ ਰਿਹਾ ਹੈ ਕਿ ਵਿਭਾਗ ਨੇ ਉਕਤ ਕੰਪਲੈਕਸਾਂ ਦੇ ਬੈਂਕ ਅਕਾਊਂਟਸ ਅਤੇ ਕੰਪਿਊਟਰਾਂ ਨੂੰ ਜਾਂਚ ਦੇ ਘੇਰੇ ‘ਚ ਲੈ ਕੇ ਚੰਗੀ ਤਰ੍ਹਾਂ ਖੰਗਾਲਣਾ ਸ਼ੁਰੂ ਕਰ ਦਿੱਤਾ ਹੈ। ਆਮਦਨ ਟੈਕਸ ਵਿਭਾਗ ਦੀ ਕਾਰਵਾਈ ਦਾ ਇਹ ਮਾਮਲਾ ਬੇਨਾਮੀ ਪ੍ਰਾਪਰਟੀ ਨਾਲ ਵੀ ਜੋੜਿਆ ਜਾ ਸਕਦਾ ਹੈ, ਜਿਸ ਦੇ ਤਹਿਤ ਵਿਭਾਗ ਨੂੰ ਸ਼ੱਕ ਹੈ ਕਿ ਰੀਅਲ ਅਸਟੇਟ ਕਾਰੋਬਾਰੀਆਂ ਵੱਲੋਂ ਪਿਛਲੇ ਸਮੇਂ ਦੌਰਾਨ ਵੱਡੇ ਪੱਧਰ ‘ਤੇ ਬੇਨਾਮੀ ਪ੍ਰਾਪਰਟੀ ਦੀ ਖ਼ਰੀਦ ਕੀਤੀ ਗਈ ਹੈ।
ਸ਼ਹਿਰ ਦੇ ਸਾਈਕਲ ਕਾਰੋਬਾਰੀਆਂ ਤੋਂ ਬਾਅਦ ਹੁਣ ਰੀਅਲ ਅਸਟੇਟ ‘ਤੇ ਆਮਦਨ ਟੈਕਸ ਦੀ ਗਾਜ਼ ਡਿਗੀ ਹੈ, ਜਿਸ ‘ਚ ਕਈ ਹੋਰ ਵੱਡੇ ਕਾਲੋਨਾਈਜ਼ਰ ਵਿਭਾਗ ਦੀ ਗ੍ਰਿਫ਼ਤ ‘ਚ ਆ ਸਕਦੇ ਹਨ। ਆਮਦਨ ਟੈਕਸ ਦੀ ਲਗਾਤਾਰ ਕਾਰਵਾਈ ਤੋਂ ਇਹ ਸਾਫ਼ ਹੈ ਕਿ ਵਿਭਾਗ ਟੈਕਸ ਚੋਰੀ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕਰੇਗਾ।