ਅੰਮ੍ਰਿਤਸਰ, 15 ਨਵੰਬਰ (ਦਲਜੀਤ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 100 ਸਾਲਾ ਸਥਾਪਨਾ ਦੇ ਸੰਪੂਰਤਾ ਦਿਵਸ ਮੌਕੇ ਅੱਜ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ। ਇਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ, ਬੀਬੀ ਜਗੀਰ ਕੌਰ ਤੇ ਜਗਮੀਤ ਸਿੰਘ ਬਰਾੜ ਪਹੁੰਚੇ। ਇੱਥੇ ਵੱਡੀ ਗਿਣਤੀ ‘ਚ ਜਿੱਥੇ ਸੰਗਤ ਪੁੱਜੀ, ਉੱਥੇ ਹੀ ਵੱਖ-ਵੱਖ ਹਲਕਿਆਂ ਤੋਂ ਅਕਾਲੀ ਦਲ ਦੇ ਉਮੀਦਵਾਰ ਪੁੱਜੇ ਹਨ। ਇਸ ਮੌਕੇ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਅੱਜ ਦਾ ਦਿਨ ਬਹੁਤ ਇਤਿਹਾਸਕ ਦਿਨ ਹੈ। ਜੇ ਸ਼੍ਰੋਮਣੀ ਕਮੇਟੀ ਕਮਜ਼ੋਰ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਹੈ। ਦੂਜੇ ਸੂਬਿਆਂ ਮਨੀਪੁਰ, ਨਾਗਾਲੈਂਡ ‘ਚ ਕੋਈ ਸਮੱਸਿਆ ਹੁੰਦੀ ਹੈ ਤਾਂ ਸ਼੍ਰੋਮਣੀ ਕਮੇਟੀ ਨਾਲ ਸੰਪਰਕ ਕੀਤਾ ਜਾਂਦਾ ਹੈ। ਜੇ ਦੂਜੇ ਦੇਸ਼ਾਂ ‘ਚ ਕੋਈ ਮਸਲਾ ਸਿੱਖਾਂ ਨੂੰ ਹੁੰਦਾ ਹੈ ਤਾਂ ਸ਼੍ਰੋਮਣੀ ਕਮੇਟੀ ਨਾਲ ਸੰਪਰਕ ਕੀਤਾ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਅੱਜ ਕੌਮ ਦੇ ਗੱਦਾਰਾਂ ਨੂੰ ਪਛਾਨਣ ਦੀ ਲੋੜ ਹੈ। ਗਾਂਧੀ ਪਰਿਵਾਰ ਸਿੱਖਾਂ ਦਾ ਦੁਸ਼ਮਣ ਹੈ। ਕਾਂਗਰਸ ਸ਼੍ਰੋਮਣੀ ਕਮੇਟੀ ਨੂੰ ਤੋੜਨਾ ਚਾਹੁੰਦੀ ਹੈ। ਉਹ ਵੱਖ-ਵੱਖ ਸੂਬਿਆਂ ਦੀਆਂ ਕਮੇਟੀਆਂ ਬਣਾਉਣਾ ਚਾਹੁੰਦੇ ਹਨ। ਦਿੱਲੀ ‘ਚ ਹੋਈਆਂ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ‘ਚ ਚਾਰਜ ਨਹੀਂ ਲੈਣ ਦਿੱਤਾ। ਆਮ ਆਦਮੀ ਪਾਰਟੀ ਤੇ ਕਾਂਗਰਸ ਸਿੱਖ ਵਿਰੋਧੀ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੌਮ ਨੂੰ ਇਕਜੁੱਟ ਹੋਣ ਦੀ ਲੋੜ ਹੈ। ਜੇ ਕੌਮ ਕਮਜ਼ੋਰ ਹੋਈ ਤਾਂ ਆਪਾਂ ਜਿੰਮੇਵਾਰ ਹੋਵਾਂਗੇ। ਸ਼੍ਰੋਮਣੀ ਕਮੇਟੀ ਨੇ ਹਰ ਖੇਤਰ ‘ਚ ਬੇਹਤਰੀਨ ਸੇਵਾਵਾਂ ਦਿੱਤੀਆਂ ਹਨ। ਸਿੱਖ ਕੌਮ ਦਾ ਨਾਂ ਰੌਸ਼ਨ ਕਰਨ ਲਈ ਸਾਰਿਆਂ ਨੂੰ ਇਕੱਠੇ ਹੋਣਾ ਪਵੇਗਾ। ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਮਜਬੂਤ ਕਰਨ ਦੀ ਜਰੂਰਤ ਹੈ।