ਚੰਡੀਗੜ੍ਹ, 12 ਨਵੰਬਰ (ਦਲਜੀਤ ਸਿੰਘ)- ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ਇੰਦਰ ਗਰੇਵਾਲ ਵਲੋਂ ਅੱਜ ਪ੍ਰੈੱਸ ਕਾਨਫਰੰਸ ਕੀਤੀ ਗਈ। ਪ੍ਰੈੱਸ ਕਾਨਫੰਸ ਦੌਰਾਨ ਬੇਅਦਬੀ ਮਾਮਲੇ ’ਤੇ ਬੋਲਦੇ ਹੋਏ ਮਹੇਸ਼ਇੰਦਰ ਗਰੇਵਾਲ ਨੇ ਕਿਹਾ ਕਿ ਇਸ ਮਾਮਲੇ ’ਚ ਸੁਖਬੀਰ ਨੂੰ ਫਸਾਉਣ ਦੀ ਸਾਜਿਸ਼ ਹੋ ਰਹੀ ਹੈ। ਮੁੱਖ ਮੰਤਰੀ ਚੰਨੀ, ਸੁਖਜਿੰਦਰ ਸਿੰਘ ਰੰਧਾਵਾ ਰਾਜ ਭਵਨ ਦੇ ਗੈਸਟ ਹਾਊਸ ’ਚ ਬੈਠ ਕੇ ਮੀਟਿੰਗਾਂ ਕਰ ਹਹੇ ਹਨ। ਇਸ ਦੌਰਾਨ ਮਹੇਸ਼ਇੰਦਰ ਗਰੇਵਾਲ ਨੇ ਚੰਨੀ ਸਰਕਾਰ ’ਤੇ ਤੰਜ ਕੱਸਦੇ ਹੋਏ ਕਿਹਾ ਕਿ ਚੰਨੀ ਸਾਬ੍ਹ ਤੁਸੀਂ ਸੁਖਬੀਰ ਬਾਦਲ ਨੂੰ ਜਿੰਨਾ ਮਰਜ਼ੀ ਫਸਾਉਣ ਦੀ ਕੋਸ਼ਿਸ਼ ਕਰ ਲਓ ਪਰ ਤੁਸੀਂ ਸੁਖਬੀਰ ਬਾਦਲ ਨੂੰ ਘੇਰ ਨਹੀਂ ਸਕਦੇ ਅਤੇ ਜੇਕਰ ਤੁਸੀਂ ਬੇਅਦਬੀ ’ਤੇ ਰਾਜਨੀਤੀ ਕਰੋਗੇ ਤਾਂ ਚੰਨੀ ਸਾਬ੍ਹ ਤੁਸੀਂ ਵੀ ਇਸ ਘੇਰੇ ’ਚ ਆਵੋਗੇ। ਉਨ੍ਹਾਂ ਨੇ ਕਿਹਾ ਕਿ ਜਿੰਨੇ ਮਰਜ਼ੀ ਦਾਅ ਪੇਚ ਕਾਂਗਰਸੀ ਲਗਾ ਲੈਣ ਪਰ ਅਸੀਂ ਗਿੱਦੜਭਬਕੀਆਂ ਤੋਂ ਡਰਨ ਵਾਲੇ ਨਹੀਂ ਹਾਂ। ਇਸ ਦੌਰਾਨ ਅੱਗੇ ਬੋਲਦੇ ਹੋਏ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਗਰੇਵਾਲ ਜੀ ਦੀਆਂ ਗੱਲਾਂ ਤੋਂ ਅਨੇਕਾਂ ਗੱਲਾਂ ਸਪੱਸ਼ਟ ਹੋ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਸ੍ਰੀ ਗ੍ਰੰਥ ਸਾਹਿਬ ਜੀ ਦੀ ਬੇਅਦਬੀ ’ਤੇ ਕਾਂਗਰਸੀ ਰਾਜਸੀ ਰੋਟੀ ਸੇਕਣ ਲਈ ਕਿਵੇਂ ਉਤਾਵਲੇ ਹੋਏ ਫ਼ਿਰ ਰਹੇ ਹਨ।ਉਨ੍ਹਾਂ ਕਿਹਾ ਕਿ ਇਹ ਸਾਡੇ ਮਨਾਂ ’ਤੇ ਬਹੁਤ ਵੱਡੀ ਠੇਸ ਹਨ। ਉਨ੍ਹਾਂ ਕਿਹਾ ਕਿ ਅਸੀਂ ਸੱਚ ਲੱਭਣਾ ਚਾਹੁੰਦੇ ਹਾਂ ਅਤੇ ਗੁੰਨਾਹਗਾਰਾਂ ਨੂੰ ਸਜ਼ਾ ਦੇਣਾ ਚਾਹੁੰਦੇ ਹਾਂ ਪਰ ਕਾਂਗਰਸੀ ਰਾਜਸੀ ਲਾਹੇ ਲੈਣ ’ਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਜਿਹੜੀਆਂ ਮੀਟਿੰਗਾਂ ਮੁੱਖ ਮੰਤਰੀ ਸਾਬ੍ਹ ਰਾਜ ਭਵਨ ’ਚ ਬੈਠ ਕੇ ਕਰ ਰਹੇ ਹਨ ਅਤੇ ਕੱਲ੍ਹ ਜੋ ਵਿਧਾਨ ਸਭਾ ਸੈਸ਼ਨ ’ਚ ਮੁੱਖ ਮੰਤਰੀ ਚੰਨੀ ਸਾਬ੍ਹ ਨੇ ਜਿਵੇਂ ਬੋਲਿਆ ਉਹ ਸਭ ਗਲਤ ਹੈ। ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਸਾਜਿਸ਼ਾਂ ਰੱਚ ਕੇ ਕਾਂਗਰਸ ਸਰਕਾਰ ਸੂਬੇ ਨੂੰ ਬਰਬਾਦ ਕਰਨਾ ਚਾਹੁੰਦੀ ਹੈ ਤੇ ਸੂਬੇ ਨੂੰ ਤਬਾਹੀ ਵੱਲ ਲਿਜਾਉਣਾ ਚਾਹੁੰਦੀ ਹੈ। ਅੱਜ ਦੀ ਸਰਕਾਰ ਪੰਜਾਬੀਆਂ ਨੂੰ ਲੀਰੋ-ਲੀਰ ਕਰ ਰਹੀ ਹਨ ਅਤੇ ਉਨ੍ਹਾਂ ਨੇ ਚੰਨੀ ਸਰਕਾਰ ’ਤੇ ਗੰਭੀਰ ਇਲਜਾਮ ਲਗਾਉਂਦੇ ਹੋਏ ਕਿਹਾ ਕਿ ਅੱਜ ਦੀ ਸਰਕਾਰ ਕੇਂਦਰ ਸਰਕਾਰ ਦੇ ਹੱਥਾਂ ’ਚ ਖੇਡ ਰਹੀ ਹੈ।