ਲੁਧਿਆਣਾ, 9 ਨਵੰਬਰ (ਦਲਜੀਤ ਸਿੰਘ)- ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਸੋਸ਼ਲ ਮੀਡੀਆ ‘ਤੇ ਮੰਦੀ ਸ਼ਬਦਾਵਲੀ ਬੋਲਣ ਵਾਲੇ ਅਨਿਲ ਅਰੋੜਾ ਦੀ ਗ੍ਰਿਫ਼ਤਾਰੀ ਨਾ ਹੋਣ ਕਾਰਨ ਸਿੱਖ ਸੰਗਠਨਾਂ ਨੇ ਅੱਜ ਇਕ ਵਾਰ ਫਿਰ ਸਮਰਾਲਾ ਚੌਂਕ ‘ਚ ਧਰਨਾ ਲਾ ਦਿੱਤਾ। ਇਸ ਦੌਰਾਨ ਸਿੱਖ ਸੰਗਠਨਾਂ ਵੱਲੋਂ ਟ੍ਰੈਫਿਕ ਰੋਕ ਦਿੱਤਾ ਗਿਆ। ਲੋਕਾਂ ਨੂੰ ਜਾਮ ਤੋਂ ਬਚਾਉਣ ਲਈ ਟ੍ਰੈਫਿਕ ਪੁਲਸ ਨੇ ਸਮਰਾਲਾ ਚੌਂਕ ਵੱਲ ਜਾਣ ਵਾਲੇ ਸਾਰੇ ਰੂਟ ਬਦਲ ਕੇ ਬਦਲਵੇਂ ਰੂਟ ਸ਼ੁਰੂ ਕਰ ਦਿੱਤੇ।
ਇਸ ਦੇ ਤਹਿਤ ਚੰਡੀਗੜ੍ਹ ਰੋਡ ਤੋਂ ਸਮਰਾਲਾ ਚੌਂਕ ਵੱਲ ਆਉਣ ਵਾਲੇ ਲੋਕ ਕੋਹਾੜਾ ਜਾਂ ਵੀਰ ਪੈਲੇਸ ਚੌਂਕ ਤੋਂ ਖੱਬੇ ਪਾਸੇ ਮੁੜ ਕੇ ਅੱਗੇ ਜਾ ਸਕਣਗੇ। ਇਸੇ ਤਰ੍ਹਾਂ ਜਲੰਧਰ ਵੱਲੋਂ ਚੰਡੀਗੜ੍ਹ ਰੋਡ ਜਾਣ ਵਾਲੇ ਵਾਹਨ ਤਾਜਪੁਰ ਰੋਡ ਤੋਂ ਖੱਬੇ ਪਾਸੇ ਮੁੜ ਕੇ ਚੰਡੀਗੜ੍ਹ ਰੋਡ ‘ਤੇ ਜਾ ਸਕਣਗੇ। ਬੱਸ ਅੱਡੇ ਤੋਂ ਸਮਰਾਲਾ ਚੌਂਕ ਵੱਲ ਆਉਣ ਵਾਲੇ ਵਾਹਨਾਂ ਨੂੰ ਢੋਲੇਵਾਲ ਚੌਂਕ ਤੋਂ ਡਾਇਵਰਟ ਕੀਤਾ ਗਿਆ ਹੈ ਅਤੇ ਕਈ ਰਸਤਿਆਂ ਨੂੰ ਬੈਰੀਕੇਡ ਲਾ ਕੇ ਬੰਦ ਕਰ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ ਅਨਿਲ ਅਰੋੜਾ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਸਿੱਖ ਸੰਗਠਨ ਧਰਨੇ ‘ਤੇ ਬੈਠੇ ਹੋਏ ਹਨ। ਪੁਲਸ ਵੱਲੋਂ ਇਸ ਕੇਸ ‘ਚ 8 ਲੋਕਾਂ ਨੂੰ ਕਾਬੂ ਕੀਤਾ ਗਿਆ ਹੈ, ਜਿਨ੍ਹਾਂ ‘ਚ ਅਨਿਲ ਅਰੋੜਾ ਦੇ ਪਰਿਵਾਰਿਕ ਮੈਂਬਰ ਅਤੇ ਦੋਸਤ ਸ਼ਾਮਲ ਹਨ।
ਸਿੱਖ ਸੰਗਠਨਾਂ ਵੱਲੋਂ ਬੀਤੇ ਦਿਨ ਹੀ ਲੋਕਾਂ ਨੂੰ ਅਪੀਲ ਕੀਤੀ ਗਈ ਸੀ ਕਿ ਮੰਗਲਵਾਰ ਨੂੰ ਉਹ ਦੇਖ ਕੇ ਹੀ ਘਰੋਂ ਬਾਹਰ ਨਿਕਲਣ। ਇਸ ਸਮੇਂ ਸਮਰਾਲਾ ਚੌਂਕ ‘ਚ ਸਿੱਖ ਸੰਗਠਨਾਂ ਦਾ ਧਰਨਾ ਜਾਰੀ ਹੈ। ਹਾਲਾਂਕਿ ਨੈਸ਼ਨਲ ਹਾਈਵੇਅ ਤਾਂ ਖੁੱਲਾ ਹੈ ਪਰ ਸਮਰਾਲਾ ਅੰਦਰ ਜਾਣ ਵਾਲੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।