40,000 ਪਰਿਵਾਰਾਂ ਨੂੰ ਮਿਲੇਗੀ ਰਾਹਤ, ਵਿਆਜ ਦਰ 50 ਫ਼ੀਸਦੀ ਘਟਾਉਣ ਨੂੰ ਦਿੱਤੀ ਮਨਜ਼ੂਰੀ

CM-Charanjit-Channi/nawanpunjab.com

ਚੰਡੀਗੜ੍ਹ/ਜਲੰਧਰ, 8 ਨਵੰਬਰ (ਦਲਜੀਤ ਸਿੰਘ)- ਸੂਬੇ ਭਰ ਵਿਚ ਲੋਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਪੰਜਾਬ ਮੰਤਰੀ ਮੰਡਲ ਨੇ ਇੰਪਰੂਵਮੈਂਟ ਟਰੱਸਟਾਂ ਦੇ ਅਲਾਟੀਆਂ ਤੋਂ ਵਸੂਲੀ ਜਾਣ ਵਾਲੀ ਵਾਧੇ ਦੀ ਰਕਮ ’ਤੇ ਵਸੂਲ ਕੀਤੀ ਜਾਣ ਵਾਲੀ ਵਿਆਜ ਦੀ ਦਰ 15 ਫ਼ੀਸਦੀ ਪ੍ਰਤੀ ਸਾਲਾਨਾ (ਸਾਧਾਰਣ ਵਿਆਜ) ਤੋਂ ਘਟਾ ਕੇ 7.5 ਫ਼ੀਸਦੀ ਪ੍ਰਤੀ ਸਾਲਾਨਾ (ਸਾਧਾਰਣ ਵਿਆਜ) ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਹ ਫੈਸਲਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪ੍ਰਧਾਨਗੀ ’ਚ ਇੱਥੇ ਪੰਜਾਬ ਭਵਨ ਵਿਚ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਗਿਆ । ਮੁੱਖ ਮੰਤਰੀ ਦਫ਼ਤਰ ਦੇ ਇੱਕ ਬੁਲਾਰੇ ਮੁਤਾਬਿਕ ਇਸ ਫੈਸਲੇ ਨਾਲ ਨਗਰ ਸੁਧਾਰ ਟਰੱਸਟ ਦੀਆਂ ਵੱਖ-ਵੱਖ ਸਕੀਮਾਂ ਅਧੀਨ ਲਗਭਗ 40,000 ਪਰਿਵਾਰਾਂ ਨੂੰ ਲਾਭ ਹੋਵੇਗਾ। ਇਹ ਕਦਮ ਵੱਖ-ਵੱਖ ਇੰਪਰੂਵਮੈਂਟ ਟਰੱਸਟਾਂ ਵਲੋਂ ਵਾਰ-ਵਾਰ ਪ੍ਰਾਪਤ ਹੋਈਆਂ ਅਪੀਲਾਂ ’ਤੇ ਚੁੱਕਿਆ ਗਿਆ ਹੈ, ਜਿਨ੍ਹਾਂ ਨੇ ਬੇਨਤੀ ਕੀਤੀ ਸੀ ਕਿ ਅਲਾਟੀਆਂ ਤੋਂ ਵਸੂਲ ਕੀਤੀ ਜਾਣ ਵਾਲੀ ਜ਼ਿਆਦਾ ਰਕਮ ’ਤੇ ਵਿਆਜ ਦਰ ਜਾਂ ਤਾਂ ਮੁਆਫ ਕਰ ਦਿੱਤੀ ਜਾਵੇ ਜਾਂ ਘਟਾ ਦਿੱਤੀ ਜਾਵੇ।

ਪੰਜਾਬ ਟਿਸ਼ੂ ਕਲਚਰ ਬੇਸਡ ਸੀਡ ਪੋਟੈਟੋ ਰੂਲਜ਼-2021 ਨੂੰ ਮਨਜ਼ੂਰੀ
ਮੰਤਰੀ ਮੰਡਲ ਨੇ ‘ਦਿ ਪੰਜਾਬ ਟਿਸ਼ੂ ਕਲਚਰ ਬੇਸਡ ਸੀਡ ਪੋਟੈਟੋ ਰੂਲਜ਼- 2021’ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨਾਲ ਪੰਜਾਬ ਨੂੰ ਆਲੂ ਬੀਜ ਕੇਂਦਰ ਦੇ ਤੌਰ ’ਤੇ ਵਿਕਸਿਤ ਕੀਤਾ ਜਾਵੇਗਾ ਅਤੇ ਇਹ ਕਦਮ ਇਕ ਲੱਖ ਹੈਕਟੇਅਰ ਖੇਤਰਫਲ ਤੋਂ ਆਲੂ ਦੀ 4 ਲੱਖ ਮੀਟ੍ਰਿਕ ਟਨ ਫਸਲ ਵਧਾਉਣ ਲਈ ਸੂਬਾ ਸਰਕਾਰ ਦੇ ਖੇਤੀ ਵਿਭਿੰਨਤਾ ਦੇ ਟੀਚੇ ਨੂੰ ਪ੍ਰਾਪਤ ਕਰਨ ਵਿਚ ਵੀ ਸਹਾਇਕ ਹੋਵੇਗਾ। ਇਸ ਫੈਸਲੇ ਨਾਲ ਪੰਜਾਬ, ਟਿਸ਼ੂ ਕਲਚਰ ਆਧਾਰਤ ਪ੍ਰਮਾਣੀਕਰਨ ਦੀ ਸਹੂਲਤ ਵਾਲਾ ਮੁਲਕ ਦਾ ਪਹਿਲਾ ਸੂਬਾ ਬਣ ਜਾਵੇਗਾ ਜਿਸ ਨਾਲ ਜਲੰਧਰ-ਕਪੂਰਥਲਾ ਆਲੂ ਦੇ ਨਿਰਯਾਤ ਕੇਂਦਰ ਦੇ ਤੌਰ ’ਤੇ ਵਿਕਸਿਤ ਹੋਵੇਗਾ। ਇਸ ਦੌਰਾਨ ਮੰਤਰੀ ਮੰਡਲ ਨੇ ‘ਪੰਜਾਬ ਫਲ ਨਰਸਰੀ ਐਕਟ- 2021’ ਵਿਚ ਸੋਧ ਕਰ ਕੇ ‘ਪੰਜਾਬ ਬਾਗਬਾਨੀ ਨਰਸਰੀ ਬਿੱਲ-2021’ ਵਿਧਾਨਸਭਾ ਦੇ ਸੈਸ਼ਨ ਵਿਚ ਲਿਆਉਣ ਦੀ ਮਨਜ਼ੂਰੀ ਦੇ ਵੀ ਦਿੱਤੀ ਹੈ।

ਵਧੀ ਹੋਈ ਪੈਨਸ਼ਨ ਚੈੱਕਾਂ ਰਾਹੀਂ ਅਦਾ ਕਰਨ ਦੀ ਕਾਰਜ-ਬਾਅਦ ਮਨਜ਼ੂਰੀ
ਮੰਤਰੀ ਮੰਡਲ ਨੇ ਜੁਲਾਈ, 2021 ਮਹੀਨੇ ਦੀ ਬੁਢਾਪਾ ਪੈਨਸ਼ਨ ਅਤੇ ਹੋਰ ਵਿੱਤੀ ਸਕੀਮਾਂ ਅਨੁਸਾਰ ਵਧੀਆਂ ਹੋਈਆਂ ਪੈਨਸ਼ਨਾਂ ਦੀ ਅਦਾਇਗੀ ਦੀ ਕਾਰਜ-ਬਾਅਦ ਮਨਜ਼ੂਰੀ ਦੇ ਦਿੱਤੀ ਹੈ ਅਤੇ ਇਸ ਵਿਚ ਇਕ ਵਾਰ ਲਈ ਢਿੱਲ ਦਿੱਤੀ ਗਈ ਹੈ। ਉਸ ਤੋਂ ਬਾਅਦ ਪੈਨਸ਼ਨ ਦੀ ਵੰਡ ਪਹਿਲਾਂ ਦੀ ਤਰ੍ਹਾਂ ਬੈਂਕ ਖਾਤਿਆਂ ਵਿਚ ਸਿੱਧੀ ਅਦਾਇਗੀ ਹੋਵੇਗੀ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਇਕ ਜੁਲਾਈ, 2021 ਤੋਂ ਬੁਢਾਪਾ ਅਤੇ ਹੋਰ ਵਿੱਤੀ ਸਹਾਇਤਾ ਅਧੀਨ ਪੈਨਸ਼ਨ ਰਾਸ਼ੀ 750 ਰੁਪਏ ਤੋਂ ਵਧਾ ਕੇ 1500 ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਹੈ।

Leave a Reply

Your email address will not be published. Required fields are marked *