ਰਾਸ਼ਟਰਪਤੀ ਵੱਲੋਂ 141 ਲੋਕਾਂ ਨੂੰ ਪਦਮ ਐਵਾਰਡ, ਜੇਤਲੀ ਤੇ ਸੁਸ਼ਮਾ ਸਵਰਾਜ ਨੂੰ ਮਰਨ ਉਪਰੰਤ ਪਦਮ ਵਿਭੂਸ਼ਣ

award/nawanpunjab.com

ਨਵੀਂ ਦਿੱਲੀ, 8 ਨਵੰਬਰ (ਦਲਜੀਤ ਸਿੰਘ)- ਅੱਜ ਸਾਬਕਾ ਕੇਂਦਰੀ ਮੰਤਰੀਆਂ ਅਰੁਣ ਜੇਤਲੀ ਤੇ ਸੁਸ਼ਮਾ ਸਵਰਾਜ ਨੂੰ ਮਰਨ ਉਪਰੰਤ ਪਦਮ ਵਿਭੂਸ਼ਣ ਨਾਲ ਸਨਮਾਨਤ ਕੀਤਾ ਗਿਆ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅਰੁਣ ਜੇਤਲੀ ਦੀ ਪਤਨੀ ਸੰਗੀਤਾ ਜੇਤਲੀ ਤੇ ਸੁਸ਼ਮਾ ਸਵਰਾਜ ਦੀ ਧੀ ਬੰਸੁਰੀ ਸਵਰਾਜ ਨੂੰ ਇਹ ਪੁਰਸਕਾਰ ਦਿੱਤਾ। ਇਸ ਮੌਕੇ ਓਲੰਪੀਅਨ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੂੰ ਪਦਮ ਭੂਸ਼ਣ ਨਾਲ ਸਨਮਾਨਤ ਕੀਤਾ ਗਿਆ। ਉੱਘੇ ਸ਼ਾਸਤਰੀ ਗਾਇਕ ਪੰਡਤ ਚੰਨੁਲਾਲ ਮਿਸ਼ਰਾ ਨੂੰ 2020 ਲਈ ਪਦਮ ਵਿਭੂਸ਼ਣ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਹਾਜ਼ਰ ਰਹੇ।

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਵੱਖ-ਵੱਖ ਖੇਤਰਾਂ ਵਿੱਚ ਸ਼ਾਨਦਾਰ ਕੰਮ ਕਰਨ ਵਾਲੇ 141 ਲੋਕਾਂ ਨੂੰ ਸਾਲ 2020 ਦੇ ਪਦਮ ਐਵਾਰਡਾਂ ਨਾਲ ਸਨਮਾਨਿਤ ਕੀਤਾ। ਪਦਮ ਐਵਾਰਡ ਵਿੱਚ ਸਭ ਤੋਂ ਵੱਡੇ ਪਦਮ ਵਿਭੂਸ਼ਨ ਸੱਤ ਲੋਕਾਂ ਨੂੰ, ਪਦਮ ਭੂਸ਼ਨ 16 ਲੋਕਾਂ ਨੂੰ ਤੇ ਪਦਮ ਸ਼੍ਰੀ ਐਵਾਰਡ 118 ਲੋਕਾਂ ਨੂੰ ਪ੍ਰਦਾਨ ਕੀਤਾ ਗਿਆ। ਇਨ੍ਹਾਂ ਵਿੱਚੋਂ 33 ਔਰਤਾਂ, ਵਿਦੇਸ਼ੀ, ਗੈਰ-ਨਿਵਾਸੀ, ਭਾਰਤੀ ਮੂਲ ਸ਼੍ਰੇਣੀ ਦੇ 18 ਲੋਕ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ 12 ਲੋਕਾਂ ਨੂੰ ਮਰਨ ਤੋਂ ਬਾਅਦ ਇਹ ਸਨਮਾਨ ਦਿੱਤਾ ਗਿਆ। ਪਦਮ ਐਵਾਰਡਾਂ ਦਾ ਐਲਾਨ ਹਰ ਸਾਲ ਗਣਤੰਤਰ ਦਿਵਸ ਮੌਕੇ ਕੀਤੀ ਜਾਂਦੀ ਹੈ। ਰਾਸ਼ਟਰਪਤੀ ਮਾਰਚ-ਅਪ੍ਰੈਲ ਵਿੱਚ ਇਹ ਐਵਾਰਡ ਪ੍ਰਦਾਨ ਕਰਦੇ ਹਨ ਪਰ ਕੋਰੋਨਾ ਦੇ ਚੱਲਦਿਆਂ ਇਸ ਵਾਰ ਇਹ ਐਵਾਰਡ ਨਹੀਂ ਦਿੱਤੇ ਜਾ ਸਕੇ ਸਨ।

Leave a Reply

Your email address will not be published. Required fields are marked *