ਖੰਨਾ, 8 ਨਵੰਬਰ – ਪੁਲਸ ਜ਼ਿਲ੍ਹਾ ਖੰਨਾ ਅਧੀਨ ਆਉਂਦੇ ਗੁਰਦੁਆਰਾ ਸ੍ਰੀ ਚੋਹਲਾ ਸਾਹਿਬ ਘੁਡਾਣੀ ਕਲਾਂ ’ਚ ਮੱਥਾ ਟੇਕਣ ਦੇ ਬਾਅਦ ਉੱਥੋਂ ਦੇ ਮੈਨੇਜਰ ਗੁਰਜੀਤ ਸਿੰਘ ਨੂੰ ਅਭੱਦਰ ਭਾਸ਼ਾ ਬੋਲਣ ਅਤੇ ਸ਼ਾਂਤੀ ਭੰਗ ਕਰਨ ਦੇ ਦੋਸ਼ ’ਚ ਅਕਾਲੀ ਦਲ ਅੰਮ੍ਰਿਤਸਰ ਦੇ ਸਰਪ੍ਰਸਤ ਈਮਾਨ ਸਿੰਘ ਮਾਨ, ਜੋ ਕਿ ਸਿਮਰਨਜੀਤ ਸਿੰਘ ਮਾਨ ਦਾ ਪੁੱਤਰ ਹੈ, ਨੂੰ ਪੁਲਸ ਨੇ ਗ੍ਰਿਫਤਾਰ ਕੀਤਾ। ਜਾਣਕਾਰੀ ਅਨੁਸਾਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਘੁਡਾਣੀ ਕਲਾਂ ’ਚ 45 ਦਿਨ ਗੁਜ਼ਾਰਨ ਦੇ ਬਾਅਦ ਸੰਗਤ ਨੂੰ ਆਪਣਾ ਚੋਲਾ ਸਾਹਿਬ, ਪੋਥੀ ਸਾਹਿਬ ਅਤੇ ਜੋੜਾ ਸਾਹਿਬ ਭੇਟ ਕੀਤਾ ਸੀ । ਇਹ ਤਿੰਨੇ ਨਿਸ਼ਾਨੀਆਂ ਸ੍ਰੀ ਚੋਹਲਾ ਸਾਹਿਬ ’ਚ ਸੁਸ਼ੋਭਿਤ ਹਨ । ਪਿਛਲੇ ਦਿਨਾਂ ’ਚ ਸ਼੍ਰੋਮਣੀ ਕਮੇਟੀ ਨੇ ਚੋਲਾ ਸਾਹਿਬ ਨੂੰ ਇੱਥੋਂ ਗਵਾਲੀਅਰ ਲੈ ਜਾਣ ਦੀ ਇਜਾਜ਼ਤ ਦਿੱਤੀ ਸੀ |
ਜਿਸ ਦਾ ਲੋਕਾਂ ਨੇ ਵਿਰੋਧ ਕੀਤਾ ਸੀ, ਤਾਂ ਚੋਲਾ ਸਾਹਿਬ ਉੱਥੋਂ ਨਹੀਂ ਚੁੱਕਿਆ ਗਿਆ ਸੀ। ਹੁਣ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਚਲਾਉਣ ਲਈ ਲੋਕਲ ਕਮੇਟੀ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ, ਜਦੋਂ ਕਿ ਗੁਰੂ ਘਰ ਐੱਸ. ਜੀ. ਪੀ. ਸੀ. ਦੇ ਅਧੀਨ ਹੈ । ਇਸ ਸਿਲਸਿਲੇ ’ਚ ਘੁਡਾਣੀ ਕਲਾਂ ਪੁੱਜੇ ਈਮਾਨ ਸਿੰਘ ਮਾਨ ਨੂੰ ਗ੍ਰਿਫਤਾਰ ਕੀਤਾ ਗਿਆ। ਉੱਧਰ, ਮਾਨ ਦੀ ਗ੍ਰਿਫਤਾਰੀ ਨੂੰ ਲੈ ਕੇ ਇਲਾਕੇ ਦੇ ਲੋਕਾਂ ਨੇ ਰੋਸ ਵੀ ਜ਼ਾਹਰ ਕੀਤਾ। ਗੁਰਦੁਆਰਾ ਸ੍ਰੀ ਚੋਲਾ ਸਾਹਿਬ ਦੇ ਪ੍ਰਬੰਧਕ ਗੁਰਜੀਤ ਸਿੰਘ ਨੇ ਕਿਹਾ ਕਿ ਇਸ ਮੁੱਦੇ ਨੂੰ ਸਿਆਸੀ ਰੰਗਤ ਦੇਣ ਅਤੇ ਪਿੰਡ ’ਚ ਮਾਹੌਲ ਖ਼ਰਾਬ ਕਰਨ ਦੀ ਸੋਚੀ-ਸਮਝੀ ਸਾਜ਼ਿਸ਼ ਕੀਤੀ ਜਾ ਰਹੀ ਹੈ ।