ਚੰਡੀਗੜ੍ਹ ,3ਨਵੰਬਰ (ਦਲਜੀਤ ਸਿੰਘ)- ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਚੱਕ ਸਿਕੰਦਰ ਤੋਂ ਸ਼ਿਕਾਗੋ ਜਾ ਕੇ ਵਸੇ ਸ੍ਰੀ ਅਯੁੱਧਿਆ ਨਾਥ ਸਲਵਾਨ ਦੀ ਸ਼ਖ਼ਸੀਅਤ ਤੇ ਇੱਕ ਪੰਜਾਬੀ ਦਸਤਾਵੇਜ਼ੀ ਫ਼ਿਲਮ ਪਿੰਡ ਤੋਂ ਪਰਦੇਸ’ ਦੀਵਾਲੀ ਦੇ ਮੌਕੇ ਡਿਪਟੀ ਮੁੱਖ ਮੰਤਰੀ ਪੰਜਾਬ, ਸ੍ਰ ਸੁਖਜਿੰਦਰ ਸਿੰਘ ਰੰਧਾਵਾ ਨੇ ਰਿਲੀਜ਼ ਕੀਤੀ।
ਚੰਡੀਗਡ਼੍ਹ ਵਿਖੇ ਹੋਏ ਇੱਕ ਸਾਦਾ ਸਮਾਗਮ ਦੌਰਾਨ ਚੰਡੀਗਡ਼੍ਹ ਪ੍ਰੈੱਸ ਕਲੱਬ ਦੇ ਸਾਬਕਾ ਪ੍ਰਧਾਨ ਸ੍ਰੀ ਬਲਵਿੰਦਰ ਸਿੰਘ ਜੰਮੂ ਨੇ ਦੱਸਿਆ ਕਿ ਪ੍ਰਸਿੱਧ ਪੰਜਾਬੀ ਅਦਾਕਾਰ ਅਤੇ ਸਾਬਕਾ ਵਧੀਕ ਪ੍ਰਬੰਧ ਨਿਰਦੇਸ਼ਕ ਮਾਰਕਫੈੱਡ ‘ਸ੍ਰੀ ਬਾਲ ਮੁਕੰਦ ਸ਼ਰਮਾ ਅਤੇ ਗਰਵ ਪੰਜਾਬ ਚੈਨਲ ਦੇ ਸਾਂਝੇ ਉੱਦਮ ਨਾਲ ਤਿਆਰ ਕੀਤੀ ਇਹ ਫ਼ਿਲਮ ਦੀਵਾਲੀ ਮੌਕੇ ਅੱਜ ਲੋਕ ਅਰਪਣ ਕੀਤੀ ਗਈ। ਇਸ ਮੌਕੇ ਉਨ੍ਹਾਂ ਕਿਹਾ ਕਿ ਦੋ ਸਾਲ ਪਹਿਲਾਂ ਸਹਿਕਾਰਤਾ ਮੰਤਰੀ ਸ੍ਰ ਸੁਖਜਿੰਦਰ ਸਿੰਘ ਰੰਧਾਵਾ ਦੀ ਪ੍ਰੇਰਨਾ ਸਦਕਾ ਉਹ ਆਪਣੀ ਅਮਰੀਕਾ ਦੀ ਨਿੱਜੀ ਯਾਤਰਾ ਦੌਰਾਨ ਸ਼ਿਕਾਗੋ ਜਾ ਕੇ ਸਲਵਾਨ ਪਰਿਵਾਰ ਨੂੰ ਮਿਲੇ । ਸ੍ਰੀ ਅਯੁੱਧਿਆ ਨਾਥ ਸਲਵਾਨ ਦੀਆਂ ਪ੍ਰਾਪਤੀਆਂ, ਉਨ੍ਹਾਂ ਦੀ ਇਲਾਕੇ ਨੂੰ ਦੇਣ ਅਤੇ ਸ਼ਿਕਾਗੋ ਵਿਖੇ ਪੰਜਾਬੀ ਭਾਈਚਾਰੇ ਦੀ ਕੀਤੀ ਸੇਵਾ ਨੂੰ ਵੇਖ ਕੇ ਉਹ ਬਹੁਤ ਪ੍ਰਭਾਵਿਤ ਹੋਏ ਪਰੰਤੂ ਫਰਵਰੀ 2020 ਵਿਚ ਸ੍ਰੀ ਅਯੁੱਧਿਆ ਨਾਥ ਜੀ ਸਵਰਗ ਸਿਧਾਰ ਗਏ। ਉਨ੍ਹਾਂ ਦੱਸਿਆ ਕਿ ਚੈਨਲ
ਗਰਵ ਪੰਜਾਬ ਦੇ ਬਾਨੀ ਸ੍ਰੀ ਵਿਕਾਸ ਵੋਹਰਾ ਨਾਲ ਉਨ੍ਹਾਂ ਨੇ ਸਲਵਾਨ ਪਰਿਵਾਰ ਦੀ ਪਿਛਲੇ ਸਾਲ ਪੰਜਾਬ ਫੇਰੀ ਦੌਰਾਨ ਮੁਲਾਕਾਤ ਕਰਵਾਈ ਅਤੇ ਇਹ ਫਿਲਮ ਬਣਾਉਣ ਦਾ ਫ਼ੈਸਲਾ ਕੀਤਾ।
ਡਿਪਟੀ ਮੁੱਖ ਮੰਤਰੀ ਰੰਧਾਵਾ ਨੇ ਇਸ ਮੌਕੇ ਦੱਸਿਆ ਕਿ ਸ੍ਰੀ ਸਲਵਾਨ ਉੱਘੇ ਕਾਂਗਰਸੀ ਆਗੂ ਹੁੰਦਿਆਂ ਲੋਕ ਸੇਵਾ ਕਰਕੇ ਪੂਰੇ ਇਲਾਕੇ ਵਿੱਚ ਜਾਣੇ ਜਾਂਦੇ ਸਨ। ਉਨ੍ਹਾਂ ਦੱਸਿਆ ਕਿ ਸਲਵਾਨ ਪਰਿਵਾਰ ਨਾਲ ਉਨ੍ਹਾਂ ਦੇ ਨਿੱਜੀ ਅਤੇ ਪਰਿਵਾਰਕ ਸਬੰਧ ਹਨ ਅਤੇ ਦੀਵਾਲੀ ਮੌਕੇ ਉਨ੍ਹਾਂ ਦੀ ਸ਼ਖ਼ਸੀਅਤ ਤੇ ਇਹ ਫ਼ਿਲਮ ਰਿਲੀਜ਼ ਕਰ ਕੇ ਸ੍ਰੀ ਅਯੁੱਧਿਆ ਨਾਥ ਨੂੰ ਸੱਚੀ ਸ਼ਰਧਾਂਜਲੀ ਦੇ ਰਹੇ ਹਨ ।