ਏਲਨਾਬਾਦ ਜ਼ਿਮਨੀ ਚੋਣਾਂ: ਸ਼ਾਂਤੀਪੂਰਨ ਪੈ ਰਹੀਆਂ ਵੋਟਾਂ, ਚੱਪੇ-ਚੱਪੇ ’ਤੇ ਨੀਮ ਫ਼ੌਜੀ ਬਲਾਂ ਦੀ ਨਜ਼ਰ

foji/nawanpunjab.com

ਸਿਰਸਾ, 30 ਅਕਤੂਬਰ (ਦਲਜੀਤ ਸਿੰਘ)- ਏਲਨਾਬਾਦ ਜ਼ਿਮਨੀ ਚੋਣਾਂ ਲਈ ਸ਼ਾਂਤੀਪੂਰਨ ਅਤੇ ਸਖ਼ਤ ਸੁਰੱਖਿਆ ਹੇਠ ਵੋਟਾਂ ਪੈ ਰਹੀਆਂ ਹਨ। ਜ਼ਿਮਨੀ ਚੋਣਾਂ ਸ਼ਾਂਤੀਪੂਰਨ ਅਤੇ ਨਿਰਪੱਖ ਕਰਾਉਣ ਲਈ 34 ਨੀਮ ਫ਼ੌਜੀ ਬਲਾਂ ਦੀਆਂ ਕੰਪਨੀਆਂ ਅਤੇ 65 ਪੈਟਰੋਲੰਿਗ ਕੰਪਨੀਆਂ ਏਲਨਾਬਾਦ ਖੇਤਰ ਦੇ ਚੱਪੇ-ਚੱਪੇ ’ਤੇ ਨਜ਼ਰ ਰੱਖ ਰਹੀਆਂ ਹਨ। ਉੱਥੇ ਹੀ ਬਾਰਡਰ ਏਰੀਆ ਨੂੰ ਪੂਰੀ ਤਰ੍ਹਾਂ ਨਾਲ ਸੀਲ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਸਵੇਰੇ 9 ਵਜੇ ਤੱਕ 13.5 ਫ਼ੀਸਦੀ ਵੋਟਿੰਗ ਹੋ ਚੁੱਕੀ ਹੈ। ਵੋਟਿੰਗ ਬੂਥਾਂ ’ਤੇ ਸਵੇਰ ਤੋਂ ਲੱਗੀ ਲੰਬੀਆਂ ਲਾਈਆਂ ਤੋਂ ਇਸ ਵਾਰ ਬੰਪਰ ਵੋਟਿੰਗ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ। ਉੱਥੇ ਹੀ ਜ਼ਿਲ੍ਹਾ ਅਧਿਕਾਰੀ ਅਨੀਸ਼ ਯਾਦਵ ਨੇ ਬੂਥਾਂ ਦਾ ਨਿਰੀਖਣ ਕਰਦੇ ਹੋਏ ਵੋਟਰਾਂ ਤੋਂ ਵੱਧ ਤੋਂ ਵੱਧ ਵੋਟਾਂ ਪਾਉਣ ਦੀ ਅਪੀਲ ਕੀਤੀ ਹੈ। ਜ਼ਿਮਨੀ ਚੋਣਾਂ ਵਿਚ ਕੁੱਲ 19 ਉਮੀਦਵਾਰ ਮੈਦਾਨ ’ਚ ਹਨ, ਜਿਨ੍ਹਾਂ ’ਚ ਜ਼ਿਆਦਾਤਰ ਆਜ਼ਾਦ ਹਨ। ਏਲਨਾਬਾਦ ਵਿਧਾਨ ਸਭਾ ਖੇਤਰ ਦਾ ਇਕ ਵੱਡਾ ਹਿੱਸਾ ਪੇਂਡੂ ਹੈ, ਜਿੱਥੇ ਜ਼ਿਆਦਾਤਰ ਲੋਕ ਖੇਤੀ ’ਤੇ ਨਿਰਭਰ ਹਨ। ਏਲਨਾਬਾਦ ਵਿਧਾਨ ਸਭਾ ਸੀਟ ’ਤੇ 14 ਵਾਰ ਚੋਣਾਂ ਹੋ ਚੁੱਕੀਆਂ ਹਨ, ਜਿਸ ਵਿਚ ਮਰਹੂਮ ਦੇਵੀਲਾਲ ਦੀ ਅਗਵਾਈ ਵਾਲੀ ਪਾਰਟੀ ਦੇ ਉਮੀਦਵਾਰ ਹੀ ਜੇਤੂ ਹੋਏ।

ਹਾਲਾਂਕਿ ਇਸ ਵਾਰ ਕੁਝ ਵੱਖਰਾ ਹੈ, ਕਿਉਂਕਿ ਚੌਟਾਲਾ ਪਰਿਵਾਰ ਦੇ ਕਈ ਮੈਂਬਰ ਭਾਜਪਾ-ਜਨਨਾਇਕ ਜਨਤਾ ਪਾਰਟੀ (ਜੇ. ਜੇ. ਪੀ.) ਗਠਜੋੜ ਸਰਕਾਰ ਦਾ ਹਿੱਸਾ ਹਨ। ਕੁੱਲ 211 ਬੂਥਾਂ ’ਤੇ 1,86,103 ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਸਵੇਰੇ 7 ਵਜੇ ਤੋਂ ਸ਼ੁਰੂ ਹੋਈਆਂ ਵੋਟਾਂ ਸ਼ਾਮ 6 ਵਜੇ ਤੱਕ ਜਾਰੀ ਰਹਿਣਗੀਆਂ। ਦੱਸ ਦੇਈਏ ਕਿ ਪਿਛਲੀਆਂ ਚੋਣਾਂ ਵਿਚ ਅਭੈ ਚੌਟਾਲਾ ਤੋਂ ਹਾਰ ਦਾ ਸਾਹਮਣਾ ਕਰਨ ਵਾਲੇ ਪਵਨ ਬੇਨੀਵਾਲ ਕਾਂਗਰਸ ਦੇ ਉਮੀਦਵਾਰ ਦੇ ਤੌਰ ’ਤੇ ਮੈਦਾਨ ਵਿਚ ਹਨ। ਉਹ ਹਾਲ ’ਚ ਭਾਜਪਾ ਛੱਡ ਕਾਂਗਰਸ ਵਿਚ ਸ਼ਾਮਲ ਹੋਏ ਸਨ। ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਜਨਵਰੀ ’ਚ ਅਭੈ ਚੌਟਾਲਾ ਦੇ ਅਸਤੀਫ਼ੇ ਕਾਰਨ ਸਿਰਸਾ ਜ਼ਿਲ੍ਹੇ ਵਿਚ ਪੈਣ ਵਾਲੇ ਇਸ ਗ੍ਰਾਮੀਣ ਚੋਣ ਖੇਤਰ ਵਿਚ ਜ਼ਿਮਨੀ ਚੋਣ ਦੀ ਲੋੜ ਪਈ।

Leave a Reply

Your email address will not be published. Required fields are marked *