ਅੰਮ੍ਰਿਤਸਰ, 27 ਅਕਤੂਬਰ (ਦਲਜੀਤ ਸਿੰਘ)- ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਸਿਆਸੀ ਰੰਜਿਸ਼ ਤਹਿਤ ਟਰਾਂਸਪੋਰਟਰਾਂ ਨੂੰ ਜਾਣ-ਬੁਝ ਕੇ ਨਿਸ਼ਾਨਾ ਬਣਾ ਰਿਹਾ ਹੈ ਪਰ ਕੋਈ ਗੱਲ ਨਹੀਂ ਜਿਹੜੇ ਚਾਅ ਪੂਰੇ ਕਰਨੇ ਕਰ ਲਵੇ, ਉਸ ਕੋਲ ਵੀ 2 ਮਹੀਨਿਆਂ ਦਾ ਹੀ ਸਮਾਂ ਰਹਿ ਗਿਆ ਹੈ। ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਲਕਾ ਦੱਖਣੀ ਤੋਂ ਅਕਾਲੀ-ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਤਲਬੀਰ ਸਿੰਘ ਗਿੱਲ ਦੀ ਅਗਵਾਈ ’ਚ ਸਾਬਕਾ ਸੀਨੀਅਰ ਡਿਪਟੀ ਮੇਅਰ ਤੇ ਉੱਘੇ ਟਰਾਂਸਪੋਰਟਰ ਅਵਤਾਰ ਸਿੰਘ ਟਰੱਕਾਂ ਵਾਲਿਆਂ ਵਲੋਂ ਗੁਰੂ ਨਗਰੀ ਦੇ ਟਰਾਂਸਪੋਰਟਰਾਂ ਦੀ ਕਰਵਾਈ ਗਈ ਇਕ ਵਿਸ਼ਾਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਗਟਾਏ। ਉਨ੍ਹਾਂ ਕਿਹਾ ਕਿ ਪੰਜਾਬ ’ਚ ਅਕਾਲੀ-ਬਸਪਾ ਗਠਜੋੜ ਦੀ ਸਰਕਾਰ ਬਣਨ ’ਤੇ ਟਰਾਂਸਪੋਰਟ ਵੈੱਲਫੇਅਰ ਬੋਰਡ ਦਾ ਗਠਨ ਕੀਤਾ ਜਾਵੇਗਾ ਜੋ ਕਿ ਟਰਾਂਸਪੋਰਟਰਾਂ ਦੇ ਸਭ ਮਸਲੇ ਹੱਲ ਕਰੇਗਾ। ਉਨ੍ਹਾਂ ਕਿਹਾ ਕਿ ਅਫਸਰਸ਼ਾਹੀ ਵਲੋਂ ਟਰਾਂਸਪੋਰਟਰਾਂ ਦੀ ਕੀਤੀ ਜਾ ਰਹੀ ਅੰਨੀ ਲੁੱਟ-ਖਸੁੱਟ ਨੂੰ ਰੋਕਣ ਲਈ ਸਟਿੱਕਰ ਸਿਸਟਮ ਲਾਗੂ ਕੀਤਾ ਜਾਵੇਗਾ, ਜਿਹੜੀ ਵੀ ਗੱਡੀ ਦੇ ਕਾਗਜ਼ਾਤ ਮੁਕੰਮਲ ਹੋਣਗੇ, ਉਨ੍ਹਾਂ ਨੂੰ ਸਟਿੱਕਰ ਜਾਰੀ ਕਰਾਂਗੇ, ਜਿਸ ਤੋਂ ਬਾਅਦ ਕੋਈ ਵੀ ਅਧਿਕਾਰੀ ਕਾਗਜ਼ਾਤ ਚੈੱਕ ਕਰਨ ਲਈ ਜ਼ਬਰੀ ਗੱਡੀ ਨਹੀਂ ਰੋਕ ਸਕੇਗਾ।
ਉਨ੍ਹਾਂ ਕਿਹਾ ਕਿ ਡਰਾਈਵਰਾਂ ਦੀ 10 ਲੱਖ ਰੁਪਏ ਦੀ ਹਰ ਸਾਲ ਅਕਾਲੀ-ਬਸਪਾ ਸਰਕਾਰ ਵਲੋਂ ਫ੍ਰੀ ਇੰਸ਼ੋਰੈਂਸ ਵੀ ਕਰਵਾਈ ਜਾਵੇਗੀ, ਕਿਉਂਕਿ ਟਰਾਂਸਪੋਰਟ ਦਾ ਕੰਮ ਬਹੁਤ ਰਿਸਕੀ ਹੈ। ਇਸ ਮੌਕੇ ਤਲਬੀਰ ਸਿੰਘ ਗਿੱਲ ਤੇ ਅਵਤਾਰ ਸਿੰਘ ਟਰੱਕਾਂ ਵਾਲਿਆਂ ਨੇ ਸੁਖਬੀਰ ਬਾਦਲ ਨੂੰ ਟਰਾਂਸਪੋਰਟਰਾਂ ਦੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ ਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਇਸ ਸਮੇਂ ਰਵੀਕਰਨ ਸਿੰਘ ਕਾਹਲੋਂ, ਗੁਰਪ੍ਰਤਾਪ ਸਿੰਘ ਟਿੱਕਾ, ਰਵੇਲ ਸਿੰਘ ਭੁੱਲਰ, ਸਮਸ਼ੇਰ ਸਿੰਘ ਸ਼ੇਰਾ, ਸਰਪੰਚ ਅਜੈਬ ਸਿੰਘ, ਗੁਰਪ੍ਰੀਤ ਸਿੰਘ ਸਾਬ, ਗੁਰਿੰਦਰ ਸਿੰਘ, ਬਾਊ ਜਗਦੀਸ਼ ਕੁਮਰਾ, ਯੋਗ ਰਾਜ, ਸਵਰਨ ਸਿੰਘ ਸੰਧੂ, ਦਲਜੀਤ ਸਿੰਘ ਚਾਹਲ, ਗੁਰਮੀਤ ਸਿੰਘ ਸੁਰਸਿੰਘ, ਸੁਰਿੰਦਰ ਸਿੰਘ ਸੁਲਤਾਨਵਿੰਡ, ਅਮਰੀਕ ਸਿੰਘ ਲਾਲੀ, ਸਤਿੰਦਰਪਾਲ ਸਿੰਘ ਜੋਨੀ ਤੇ ਹੋਰ ਵੀ ਬਹੁਤ ਸਾਰੇ ਟਰਾਂਸਪੋਰਟਰ ਹਾਜ਼ਰ ਸਨ।