ਜੰਮੂ, 27 ਅਕਤੂਬਰ (ਦਲਜੀਤ ਸਿੰਘ)- ਸੁਰੱਖਿਆ ਫ਼ੋਰਸਾਂ ਨੇ ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ਦੇ ਭੱਟੀ ਦਰਿਆਂ ਜੰਗਲ ’ਚ ਇਕ ਤਲਾਸ਼ੀ ਮੁਹਿੰਮ ਦੌਰਾਨ ਇਕ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼ ਕੀਤਾ ਹੈ, ਜਿਸ ਤੋਂ ਕੁਝ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਹੋਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਅੱਤਵਾਦੀਆਂ ਦੇ ਸਮੂਹ ਵਿਰੁੱਧ ਮੇਂਢਰ ਦੇ ਭੱਟੀ ਦਰਿਆਂ ਨਾਲ ਹੀ ਪੁੰਛ ’ਚ ਸੁਰਨਕੋਟ ਜੰਗਲ ਅਤੇ ਰਾਜੌਰੀ ਦੇ ਥਾਣਾ ਮੰਡੀ ’ਚ ਮੁਹਿੰਮ ਮੰਗਲਵਾਰ 16ਵੇਂ ਦਿਨ ਵੀ ਜਾਰੀ ਰਹੀ। ਜਿਨ੍ਹਾਂ ਨੇ 11 ਅਤੇ 14 ਅਕਤੂਬਰ ਨੂੰ ਫ਼ੌਜ ਦੇ ਤਲਾਸ਼ੀ ਦਲਾਂ ’ਤੇ ਹਮਲਾ ਕੀਤਾ ਸੀ, ਜਿਸ ’ਚ 9 ਫ਼ੌਜੀ ਸ਼ਹੀਦ ਹੋ ਗਏ ਸਨ।
ਪੁਲਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਫ਼ੌਜ ਅਤੇ ਪੁਲਸ ਮੁਲਾਜ਼ਮਾਂ ਵਾਲੇ ਤਲਾਸ਼ੀ ਦਲਾਂ ਨੇ ਭੱਟੀ ਦਰਿਆਂ ਜੰਗਲ ’ਚ ਹਾਲ ਦੇ ਮੁਕਾਬਲੇ ਸਥਾਨ ’ਤੇ ਇਕ ਟਿਕਾਣੇ ਦਾ ਪਰਦਾਫਾਸ਼ ਕੀਤਾ, ਜਿਸ ਤੋਂ ਇਕ ਏ.ਕੇ. ਰਾਈਫਲ, 29 ਗੋਲੀਆਂ ਵਾਲੀ ਇਕ ਮੈਗਜ਼ੀਨ, 2 ਗ੍ਰਨੇਡ ਅਤੇ 2 ਡੇਟੋਨੇਟਰ ਬਰਾਮਦ ਹੋਏ। ਅਧਿਕਾਰੀ ਨੇ ਦੱਸਿਆ ਕਿ ਟਿਕਾਣੇ ਤੋਂ ਕੁਝ ਕੰਬਲ, ਟਿਿਫਨ, 2 ਜੋੜੀ ਬੂਟ, 2 ਸੀਰਿੰਜਾਂ ਅਤੇ ਚਾਰ ਬਿਸਕੁਟ ਦੇ ਪੈਕੇਟ ਵੀ ਮਿਲੇ ਹਨ।