ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ’ਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਜਾਏ ਗਏ ਅਲੌਕਿਕ ਜਲੋਅ

asr/nawanpunjab.com

ਅੰਮ੍ਰਿਤਸਰ, 22 ਅਕਤੂਬਰ (ਦਲਜੀਤ ਸਿੰਘ)- ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ 487ਵਾਂ ਪ੍ਰਕਾਸ਼ ਪੁਰਬ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਪ੍ਰਕਾਸ਼ ਪੁਰਬ ਦੇ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਮੱਥਾ ਟੇਕਣ ਲਈ ਪਹੁੰਚ ਰਹੇ ਹਨ। ਇਸ ਮੌਕੇ ਸ਼ਰਧਾਲੂਆਂ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ ‘ਚ ਇਸ਼ਨਾਨ ਕੀਤੇ ਅਤੇ ਮਨ ਦੀ ਸ਼ਾਂਤੀ ਲਈ ਗੁਰੂ ਘਰ ‘ਚ ਅਰਦਾਸ ਕੀਤੀ। ਇਸ ਮੌਕੇ ਸ਼ਰਧਾਲੂਆਂ ਦੇ ਦਰਸ਼ਨਾਂ ਲਈ ਅਲੌਕਿਕ ਜਲੋਅ ਸਜਾਇਆ ਗਿਆ।

ਸਜਾਏ ਗਏ ਅਲੌਕਿਕ ਜਲੋਅ ‘ਚ ਬਹੁ-ਕੀਮਤੀ ਵਸਤੂਆਂ, ਜਿਨ੍ਹਾਂ ‘ਚ ਹੀਰੇ, ਸੋਨੇ-ਚਾਂਦੀ ਆਦਿ ਦਾ ਸਾਮਾਨ ਸੋਨੇ ਦੇ ਦਰਵਾਜ਼ੇ, ਚਾਂਦੀ ਪੰਜ ਤਸਲੇ ਆਦਿ ਸ਼ਾਮਲ ਕੀਤੇ ਗਏ ਹਨ। ਇਸ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਦਾ ਨੋ ਲੱਖਾ ਹਾਰ, ਸੋਨੇ ਦੇ ਛੱਤਰ, ਅਸਲੀ ਮੋਤੀਆਂ ਦੀ ਮਾਲਾ ਆਦਿ ਸਜਾਈ ਗਈ ਹੈ। ਸ਼ਰਧਾਲੂ ਜਲੋਅ ਦੇ ਦਰਸ਼ਨ ਕਰਕੇ ਆਪਣੇ ਆਪ ਨੂੰ ਵਡਭਾਗਾ ਦੱਸ ਰਹੇ ਹਨ। ਅੱਜ ਸ੍ਰੀ ਹਰਿਮੰਦਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਵਿਖੇ ਵੱਖ-ਵੱਖ ਰੰਗਾਂ ਦੇ ਫੁੱਲਾਂ ਨਾਲ ਕੀਤੀ ਗਈ ਸਜਾਵਟ ਸੰਗਤਾਂ ਦਾ ਮਨ ਮੋਹ ਰਹੀ ਹੈ। ਪ੍ਰਕਾਸ ਪੁਰਬ ਦੇ ਮੌਕੇ ਸ਼ਾਮ ਨੂੰ ਦੀਪਮਾਲਾ ਕੀਤੀ ਜਾਵੇਗੀ ਅਤੇ ਆਤਿਸ਼ਬਾਜ਼ੀ ਚਲਾਈ ਜਾਵੇਗੀ।

Leave a Reply

Your email address will not be published. Required fields are marked *