ਪਠਾਨਕੋਟ, 21 ਅਕਤੂਬਰ (ਦਲਜੀਤ ਸਿੰਘ)- ਸ਼੍ਰੋਮਣੀ ਅਕਾਲੀ ਦਲ ਤੇ ਯੂਥ ਅਕਾਲੀ ਦਲ ਦੇ ਆਗੂਆਂ ਦੇ ਨਾਲ ਰਲ ਕੇ ਨੌਜਵਾਨਾਂ ਨੇ ਅੱਜ ਭੋਆ ਦੇ ਕਾਂਗਰਸੀ ਵਿਧਾਇਕ ਜੋਗਿੰਦਰਪਾਲ ਵੱਲੋਂ ਅਨੁਸੁਚਿਤ ਭਾਈਚਾਰੇ ਦੇ ਨੌਜਵਾਨ ’ਤੇ ਹਮਲਾ ਕਰਨ ਤੇ ਉਸਦੀ ਕੁੱਟਮਾਰ ਕਰਨ ਦੇ ਮਾਮਲੇ ਵਿਚ ਉਸ ਦੀ ਗ੍ਰਿਫਤਾਰੀ ਦੀ ਮੰਗ ਕਰਦਿਆਂ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ। ਨੌਜਵਾਨਾਂ ਨੇ ਅਕਾਲੀ ਦਲ ਤੇ ਯੂਥ ਅਕਾਲੀ ਦਲ ਦੇ ਮੈਂਬਰਾਂ ਦੇ ਨਾਲ ਰਲ ਕੇ ਡੀ ਐਸ ਪੀ ਦੇ ਦਫਤਰ ਮੂਹਰੇ ਰੋਸ ਮੁਜ਼ਾਹਰਾ ਕੀਤਾ ਤੇ ਕਾਂਗਰਸੀ ਵਿਧਾਇਕ ਦੇ ਖਿਲਾਫ ਫੌਜਦਾਰੀ ਕੇਸ ਦਰਜ ਕਰਨ ਦੀ ਮੰਗ ਕੀਤੀ।
ਉਹਨਾਂ ਨੇ ਇਸ ਮੌਕੇ ਵਿਧਾਇਕ ਦਾ ਪੁਤਲਾ ਵੀ ਫੂਕਿਆ। ਪਠਾਨਕੋਟ ਦੇ ਯੂਥ ਅਕਾਲੀ ਪ੍ਰਧਾਨ ਜਸਪ੍ਰੀਤ ਸਿੰਘ ਰਾਣਾ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੁੰ ਇਹ ਵੀ ਆਖਿਆ ਕਿ ਉਹ ਜੋਗਿੰਦਰਪਾਲ ਦਾ ਅਸਤੀਫਾ ਲੈਣ ਤੇ ਉਹਨਾਂ ਨੁੰ ਵਿਧਾਨ ਸਭਾ ਵਿਚੋਂ ਮੁਅੱਤਲ ਕਰਨ ਸਮੇਤ ਉਹਨਾਂ ਦੇ ਖਿਲਾਫ ਸਖ਼ਤ ਕਾਰਵਾਈ ਕਰਨ।