ਚੰਡੀਗੜ੍ਹ- ਖ਼ਾਲਿਸਤਾਨ ਸਮਰਥਕਾਂ ’ਤੇ ਕੀਤੀ ਜਾ ਰਹੀ ਕਾਰਵਾਈ ਨਾਲ ਜੰਮੂ-ਕਸ਼ਮੀਰ ’ਚ ਕੱਟੜਪੰਥੀ ਪ੍ਰਚਾਰਕ ਅੰਮ੍ਰਿਤਪਾਲ ਸਿੰਘ ਦੇ ਹਥਿਆਰਬੰਦ ਗਾਰਡਾਂ ਨੂੰ ਦਿੱਤੇ ਗਏ ਹਥਿਆਰਾਂ ਦੇ ਲਾਇਸੈਂਸ ਰੱਦ ਕਰਨ ’ਚ ਹੋਈ ਦੇਰੀ ’ਤੇ ਸਵਾਲ ਉਠਾਏ ਜਾ ਰਹੇ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਜਿਹਾ ਪ੍ਰਤੀਤ ਹੁੰਦਾ ਹੈ ਕਿ ਭਗੌੜੇ ਅੰਮ੍ਰਿਤਪਾਲ ਦੇ 2 ਨਿੱਜੀ ਸੁਰੱਖਿਆ ਗਾਰਡਾਂ ਕੋਲ ਆਪਣੇ ਮੌਜੂਦ ਹਥਿਆਰਾਂ ਦੇ ਲਾਇਸੈਂਸ ਗੁਆਂਢੀ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਜ਼ਿਲ੍ਹਿਆਂ ਤੋਂ ਜਾਂ ਤਾਂ ਰੀਨਿਊ ਸਨ ਜਾਂ ਨਵੇਂ ਸਿਰੇ ਤੋਂ ਜਾਰੀ ਕੀਤੇ ਗਏ ਸਨ। ਦੋਵੇਂ ਨਿੱਜੀ ਸੁਰੱਖਿਆ ਗਾਰਡ ਫ਼ੌਜ ਤੋਂ ਸੇਵਾਮੁਕਤ ਹੋ ਚੁੱਕੇ ਹਨ। ਵਰਿੰਦਰ ਸਿੰਘ 19ਵੀਂ ਸਿੱਖ ਰੈਜੀਮੈਂਟ ਨਾਲ ਅਤੇ ਤਲਵਿੰਦਰ ਸਿੰਘ 23ਵੀਂ ਆਰਮਡ ਪੰਜਾਬ ਰੈਜੀਮੈਂਟ ਨਾਲ ਜੁੜਿਆ ਸੀ।
ਅਧਿਕਾਰੀਆਂ ਨੇ ਕਿਹਾ ਕਿ ਪੰਜਾਬ ਦੇ ਵਧੀਕ ਡਾਇਰੈਕਟਰ ਜਨਰਲ ਆਫ ਪੁਲਸ (ਖੁਫ਼ੀਆ) ਦੇ 12 ਜਨਵਰੀ ਨੂੰ ਸਬੰਧਿਤ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਲਿਖਣ ਦੇ ਬਾਵਜੂਦ ਲਾਇਸੈਂਸ ਰੱਦ ਨਹੀਂ ਕੀਤੇ ਗਏ ਸਨ। ਇਹ ਪੱਤਰ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਨਾਲ ਜੁਡ਼ੇ ਇਕ ਵਿਵਾਦ ਤੋਂ ਲਗਭਗ 6 ਹਫ਼ਤੇ ਪਹਿਲਾਂ ਲਿਖੇ ਗਏ ਸਨ, ਜਿੱਥੇ ਦੋਵਾਂ ਨੇ ਆਪਣੇ ਹਥਿਆਰਾਂ ਦਾ ਪ੍ਰਦਰਸ਼ਨ ਕੀਤਾ ਸੀ। ਅੰਮ੍ਰਿਤਸਰ ਜ਼ਿਲ੍ਹੇ ਵਿਚ ਕੋਟ ਧਰਮਚੰਦ ਕਲਾਂ ਦੇ ਤਲਵਿੰਦਰ ਸਿੰਘ ਅਤੇ ਅਾਸਾਮ ਦੀ ਜੇਲ੍ਹ ’ਚ ਬੰਦ ਵਰਿੰਦਰ ਸਿੰਘ ਉਰਫ ਫ਼ੌਜੀ, ਦੋਵਾਂ ਦੇ ਹਥਿਆਰਾਂ ਦੇ ਲਾਇਸੈਂਸ ਕ੍ਰਮਵਾਰ : ਰਾਮਬਨ ਅਤੇ ਕਿਸ਼ਤਵਾੜ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਵੱਲੋਂ ਗ਼ੈਰ-ਕਾਨੂੰਨੀ ਕਰਾਰ ਦਿੱਤੇ ਗਏ। ਇਸ ਸਾਲ 9 ਮਾਰਚ ਨੂੰ ਰੱਦ ਕਰਨ ਸਬੰਧੀ ਨਿਰਦੇਸ਼ ਦੇ ਮੁਤਾਬਕ ਵਰਿੰਦਰ ਸਿੰਘ ਦਾ ਲਾਇਸੈਂਸ 24 ਜੁਲਾਈ 2017 ਤੋਂ ਰੀਨਿਊ ਨਹੀਂ ਹੋਇਆ ਸੀ।