ਚੰਡੀਗੜ੍ਹ, 20 ਅਕਤੂਬਰ (ਦਲਜੀਤ ਸਿੰਘ)- ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਨਵੀਂ ਪਾਰਟੀ ਬਨਾਉਣ ਦੇ ਐਲਾਨ ਤੋਂ ਬਾਅਦ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਖੁੱਲ੍ਹ ਕੇ ਕੈਪਟਨ ਦੇ ਫ਼ੈਸਲੇ ਦੀ ਮੁਖਾਲਫਤ ਕੀਤੀ ਹੈ। ਰੰਧਾਵਾ ਨੇ ਕਿਹਾ ਕਿ ਉਨ੍ਹਾਂ ਨੂੰ ਕੈਪਟਨ ਦੇ ਇਸ ਫ਼ੈਸਲੇ ਨਾਲ ਦੁੱਖ ਹੋਇਆ ਹੈ। ਕੈਪਟਨ ਅਮਰਿੰਦਰ ਸਿੰਘ ’ਤੇ ਖੁੱਲ੍ਹ ਕੇ ਬੋਲਦੇ ਹੋਏ ਰੰਧਾਵਾ ਨੇ ਕਿਹਾ ਕਿ ਜਦੋਂ ਬਾਦਲਾਂ ਨੇ ਕੈਪਟਨ ਨੂੰ ਜਲੀਲ ਕਰਕੇ ਕੱਢਿਆ ਸੀ ਤਾਂ ਉਸ ਸਮੇਂ ਉਹ ਕਾਂਗਰਸ ਹੀ ਸੀ ਜਿਸ ਨੇ ਉਨ੍ਹਾਂ ਦਾ ਹੱਥ ਫੜ੍ਹਿਆ ਸੀ। ਕੈਪਟਨ ਅਮਰਿੰਦਰ ਸਿੰਘ ਨੂੰ ਇਕ ਮੌਕਾਪ੍ਰਸਤ ਆਗੂ ਦੱਸਦੇ ਹੋਏ ਰੰਧਾਵਾ ਨੇ ਕਿਹਾ ਕਿ ਸਾਢੇ ਸਾਲਾਂ ਵਿਚ ਕੈਪਟਨ ਪ੍ਰਧਾਨ ਮੰਤਰੀ ਨੂੰ ਨਹੀਂ ਮਿਲੀ ਜਦਕਿ ਹੁਣ ਕੁੱਝ ਦਿਨਾਂ ਵਿਚ ਹੀ ਤਿੰਨ ਵਾਰ ਜਾ ਕੇ ਮਿਲ ਆਏ ਹਨ। ਉਨ੍ਹਾਂ ਕਿਹਾ ਕਿ ਅੱਜ ਕੈਪਟਨ ਪੰਜਾਬ ਨੂੰ ਗੁਆਂਢੀ ਦੇਸ਼ ਤੋਂ ਖ਼ਤਰਾ ਦੱਸ ਰਹੇ ਹਨ ਪਰ ਉਹ ਪਹਿਲਾਂ ਇਹ ਦੱਸਣ ਕਿ ਸਾਢੇ ਚਾਰ ਸਾਲ ਤੱਕ ਪੰਜਾਬ ਵਿਚ ਟਿਿਫਨ ਬੰਬ ਕਿਵੇਂ ਆ ਗਏ, ਕੈਪਟਨ ਕਿਉਂ ਪੰਜਾਬ ਵਿਚ ਨਸ਼ਾ ਨਹੀਂ ਰੋਕ ਸਕੇ, ਹਥਿਆਰ ਨਹੀਂ ਰੋਕ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਪਾਕਿਸਾਨ ਜਾਂ ਚੀਨ ਤੋਂ ਖ਼ਤਰਾ ਨਹੀਂ ਹੈ ਪਰ ਕੈਪਟਨ ਅਮਰਿੰਦਰ ਸਿੰਘ ਦੀ ਗੱਦਾਰੀ ਤੋਂ ਖਤਰਾ ਜ਼ਰੂਰ ਹੈ। ਰੰਧਾਵਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕਰਕੇ ਹੀ ਕੇਂਦਰ ਸਰਕਾਰ ਨੇ ਪੰਜਾਬ ਵਿਚ ਬੀ. ਐੱਸ. ਐਫ. ਦਾ ਦਾਇਰਾ ਵਧਾਇਆ ਹੈ। ਕੈਪਟਨ ਪਹਿਲਾਂ ਇਹ ਦੱਸਣ ਕਿ ਉਸ ਸਮੇਂ ਪੰਜਾਬ ਨੂੰ ਖ਼ਤਰਾ ਨਹੀਂ ਸੀ ਜਦੋਂ ਉਨ੍ਹਾਂ ਸਾਢੇ ਚਾਰ ਸਾਲ ਆਪਣੇ ਕੋਲ ਪਾਕਿਸਤਾਨੀ ਦੋਸਤ ਅਰੂਸਾ ਆਲਮ ਨੂੰ ਰੱਖਿਆ ਸੀ, ਇਸ ਦੇ ਬਾਵਜੂਦ ਕੇਂਦਰ ਦੀ ਭਾਜਪਾ ਸਰਕਾਰ ਨੇ ਅਰੂਸਾ ਨੂੰ ਵੀਜ਼ਾ ਦਿੱਤਾ ਪਰ ਜਦੋਂ ਅਸੀਂ ਇਸ ਦਾ ਵਿਰੋਧ ਕੀਤਾ ਤਾਂ ਅਰੂਸਾ ਵਾਪਸ ਚਲੀ ਗਈ। ਉਨ੍ਹਾਂ ਕਿਹਾ ਕਿ ਅਸੀਂ ਜਿਸ ਕੈਪਟਨ ਅਮਰਿੰਦਰ ਸਿੰਘ ਨਾਲ ਸਾਰੀ ਜ਼ਿੰਦਗੀ ਕੱਢ ਦਿੱਤੀ ਉਸ ਨੇ ਅਖਰੀਲੇ ਦਿਨਾਂ ਵਿਚ ਜਾ ਕੇ ਪੰਜਾਬ ਨਾਲ ਧੋਖਾ ਕੀਤਾ ਹੈ।
ਰੰਧਾਵਾ ਨੇ ਆਖਿਆ ਕਿ ਕੈਪਟਨ ਅੱਜ ਜਿਨ੍ਹਾਂ ਨਾਲ ਜਾ ਕੇ ਬੈਠ ਗਏ ਹਨ, ਇਨ੍ਹਾਂ ਨੇ ਕਦੇ ਪੰਜਾਬ ਦੀ ਗੱਲ ਨਹੀਂ ਕੀਤੀ ਅਤੇ ਅੰਗੇਰਜ਼ਾਂ ਨਾਲ ਉਨ੍ਹਾਂ ਦੇ ਸੰਬੰਧ ਸਨ। ਗ੍ਰਹਿ ਮੰਤਰੀ ਨੇ ਇਥੋਂ ਤੱਕ ਆਖ ਦਿੱਤਾ ਕਿ ਪੰਜਾਬ ਨੂੰ ਪਾਕਿਸਾਨ ਤੇ ਚੀਨ ਤੋਂ ਵੱਧ ਖ਼ਤਰਾ ਕੈਪਟਨ ਅਮਰਿੰਦਰ ਸਿੰਘ ਦੀ ਗੱਦਾਰੀ ਤੋਂ ਹੈ। ਜਿਹੜਾ ਧੋਖਾ ਕੈਪਟਨ ਨੇ ਪੰਜਾਬ ਨਾਲ ਕੀਤਾ ਹੈ, ਇਸ ਤੋਂ ਵੱਡਾ ਖ਼ਤਰਾ ਹੋਰ ਕੋਈ ਹੋ ਹੀ ਨਹੀਂ ਸਕਦਾ। ਅੱਗੇ ਬੋਲਦੇ ਹੋਏ ਰੰਧਾਵਾ ਨੇ ਕਿਹਾ ਕਿ ਕੈਪਟਨ ਕਾਂਗਰਸ ਨੂੰ ਡੋਬਣ ਦੀਆਂ ਗੱਲਾਂ ਕਰ ਰਹੇ ਹਨ ਪਰ ਕਾਂਗਰਸ ਨੇ ਉਨ੍ਹਾਂ ਨੂੰ ਮਿੱਟੀ ’ਚ ਮਿਲਾ ਦਿੱਤਾ ਹੈ। ਰੰਧਾਵਾ ਨੇ ਕਿਹਾ ਕਿ ਉਨ੍ਹਾਂ ਨੇ ਲੰਘੇ ਸ਼ੁੱਕਰਵਾਰ ਨੂੰ ਕੈਪਟਨ ਅਮਰਿੰਦਰ ਸਿੰਘ ਨੂੰ ਫੋਨ ਕਰਕੇ ਮਿਲਣ ਲਈ ਸਮਾਂ ਮੰਗਿਆ ਸੀ। ਉਨ੍ਹਾਂ ਕੈਪਟਨ ਨੂੰ ਆਖਿਆ ਸੀ ਕਿ ਉਹ ਸੋਮਵਾਰ ਨੂੰ ਸਾਥੀਆਂ ਸਮੇਤ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਨ ਆ ਰਹੇ ਹਨ ਅਤੇ ਉਨ੍ਹਾਂ ਤੋਂ ਪੁੱਛਣਗੇ ਕਿ ਸਾਡਾ ਕਸੂਰ ਦੱਸਿਆ ਜਾਵੇ, ਜਿਸ ਕਾਰਣ ਉਨ੍ਹਾਂ ਨਾਲ ਅਜਿਹਾ ਵਤੀਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅੱਜ ਕੈਪਟਨ ਗੱਲ ਕਰ ਰਹੇ ਮੈਂ ਦੇਸ਼ ਭਗਤ ਹਾਂ ਪਰ ਇਨ੍ਹਾਂ ਨਾਲੋਂ ਜ਼ਿਆਦਾ ਅਸੀਂ ਦੇਸ਼ਭਗਤ ਹਾਂ। ਸਾਢੇ ਚਾਰ ਸਾਲ ਤੱਕ ਬਰਗਾੜੀ ਦਾ ਮਸਲਾ ਹੱਲ ਨਹੀਂ ਹੋਇਆ, ਬਾਦਲਾਂ ’ਤੇ ਕਾਰਵਾਈ ਨਹੀਂ ਹੋ ਸਕੀ, ਬਾਦਲਾਂ ਦੀਆਂ ਬੱਸਾਂ ਬੰਦ ਨਹੀਂ ਹੋਇਆ ਕਿਉਂਕਿ ਇਹ ਬਾਦਲਾਂ ਨਾਲ ਮਿਲੇ ਹੋਏ ਸਨ। ਉਨ੍ਹਾਂ ਕੈਪਟਨ ਨੂੰ ਓਪਨ ਡਿਬੇਟ ਦਾ ਚੈਲੰਜ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਸਾਢੇ ਚਾਰ ਸਾਲ ਤੱਕ ਪੰਜਾਬ ਦੀ ਸਾਰ ਨਹੀਂ ਲਈ ਪਰ ਹੁਣ ਉਨ੍ਹਾਂ ਨੂੰ ਪੰਜਾਬ ਦੀ ਚਿੰਤਾ ਕਿਉਂ ਹੋ ਰਹੀ ਹੈ।