ਮੁੰਗੇਰ, 15 ਜੂਨ (ਦਲਜੀਤ ਸਿੰਘ)- ਬਿਹਾਰ ਦੇ ਮੁੰਗੇਰ ਜ਼ਿਲ੍ਹੇ ਦੇ ਅਸਰਗੰਜ ਥਾਣਾ ਖੇਤਰ ਵਿੱਚ ਸ਼ਰਾਬ ਤਸਕਰਾਂ ਨੂੰ ਫੜਨ ਗਈ ਪੁਲਸ ‘ਤੇ ਸਮਾਜ ਵਿਰੋਧੀ ਅਨਸਰਾਂ ਨੇ ਹਮਲਾ ਕਰ ਦਿੱਤਾ, ਇਸ ਦੌਰਾਨ ਇੱਕ ਡਿਪਟੀ ਸੁਪਰਡੈਂਟ (ਡੀ.ਐੱਸ.ਪੀ.) ਸਹਿਤ ਸੱਤ ਪੁਲਸ ਮੁਲਾਜ਼ਮ ਜ਼ਖ਼ਮੀ ਹੋ ਗਏ। ਡਿਪਟੀ ਸੁਪਰਡੈਂਟ ਆਫ ਪੁਲਿਸ ਦੇ ਬਾਡੀਗਾਰਡ ਨੂੰ ਗੰਭੀਰ ਸੱਟ ਲੱਗੀ ਹੈ। ਪੁਲਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ‘ਤੇ ਪੁਲਸ ਫੁਸਨਾ ਪਿੰਡ ਵਿੱਚ ਸ਼ਰਾਬ ਤਸਕਰਾਂ ਨੂੰ ਫੜਨ ਗਈ ਸੀ। ਇਸ ਕ੍ਰਮ ਵਿੱਚ ਉਨ੍ਹਾਂ ਲੋਕਾਂ ਦੇ ਦੁਆਰਾ ਪੁਲਸ ਟੀਮ ‘ਤੇ ਹੀ ਹਮਲਾ ਕਰ ਦਿੱਤਾ ਗਿਆ। ਘੱਟ ਗਿਣਤੀ ਵਿੱਚ ਹੋਣ ਕਾਰਨ ਪੁਲਸ ਟੀਮ ਵਾਪਸ ਥਾਣੇ ਪਰਤ ਆਈ।
ਇਸ ਤੋ ਬਾਅਦ ਤਾਰਾਪੁਰ ਪੁਲਸ ਡਿਪਟੀ ਸੁਪਰਡੈਂਟ ਪੰਕਜ ਕੁਮਾਰ ਦੀ ਅਗਵਾਈ ਵਿੱਚ ਚਾਰ ਥਾਣਿਆਂ ਦੀ ਪੁਲਸ ਫਿਰ ਉਸੇ ਪਿੰਡ ਵਿੱਚ ਪਹੁੰਚੀ। ਇਸ ਤੋਂ ਬਾਅਦ ਇੱਕ ਵਾਰ ਫਿਰ ਸਮਾਜ ਵਿਰੋਧੀ ਅਨਸਰਾਂ ਨੇ ਪੁਲਸ ਟੀਮ ‘ਤੇ ਤਲਵਾਰ, ਲਾਠੀ, ਡੰਡੇ ਨਾਲ ਹਮਲਾ ਕਰ ਦਿੱਤਾ। ਸੂਤਰਾਂ ਦੇ ਅਨੁਸਾਰ, ਸਮਾਜ ਵਿਰੋਧੀ ਅਨਸਰਾਂ ਦੁਆਰਾ ਪੁਲਸ ਟੀਮ ‘ਤੇ ਗੋਲੀ ਵੀ ਚਲਾਈ ਗਈ।
ਖੜਗਪੁਰ ਦੇ ਪੁਲਿਸ ਡਿਪਟੀ ਸੁਪਰਡੈਂਟ ਰਾਕੇਸ਼ ਕੁਮਾਰ ਨੇ ਦੱਸਿਆ ਕਿ ਛਾਪੇਮਾਰੀ ਕਰਣ ਗਈ ਪੁਲਸ ਟੀਮ ‘ਤੇ ਹਮਲਾ ਕਰਣ ਵਾਲਿਆਂ ਵਿੱਚ ਔਰਤਾਂ ਵੀ ਸ਼ਾਮਲ ਸਨ। ਇਸ ਹਮਲੇ ਵਿੱਚ ਇੱਕ ਪੁਲਸ ਡਿਪਟੀ ਸੁਪਰਡੈਂਟ ਸਮੇਤ ਸੱਤ ਪੁਲਸ ਮੁਲਾਜ਼ਮ ਜ਼ਖ਼ਮੀ ਹੋ ਗਏ। ਜਖ਼ਮੀਆਂ ਵਿੱਚ ਸੰਤੋਸ਼ ਕੁਮਾਰ ਦੀ ਹਾਲਤ ਗੰਭੀਰ ਬਣੀ ਹੋਈ ਹੈ, ਜਿਨ੍ਹਾਂ ਨੂੰ ਇਲਾਜ ਲਈ ਸਿਲੀਗੁੜੀ ਭੇਜਿਆ ਗਿਆ ਹੈ।