ਕੰਧਾਰ , 15 ਅਕਤੂਬਰ (ਦਲਜੀਤ ਸਿੰਘ)- ਅਫਗਾਨਿਸਤਾਨ ਦੇ ਕੰਧਾਰ ਦੀ ਇੱਕ ਮਸਜਿਦ ਵਿੱਚ ਸ਼ੁੱਕਰਵਾਰ ਨੂੰ ਬੰਬ ਧਮਾਕਾ ਹੋਇਆ। ਜਾਣਕਾਰੀ ਅਨੁਸਾਰ ਧਮਾਕਾ ਇਮਾਮ ਬਾਰਗਾਹ ਮਸਜਿਦ ਵਿੱਚ ਜੁਮੇ (ਸ਼ੁੱਕਰਵਾਰ) ਦੀ ਨਮਾਜ਼ ਦੌਰਾਨ ਹੋਇਆ। ਸਥਾਨਕ ਮੀਡੀਆ ਰਿਪੋਰਟ ਮੁਤਾਬਕ ਕਈ ਲੋਕ ਇਸ ਧਮਾਕੇ ਵਿੱਚ ਮਾਰੇ ਗਏ ਹਨ। ਧਮਾਕੇ ਦਾ ਕਾਰਨ ਅਜੇ ਸਪਸ਼ਟ ਨਹੀਂ ਪਰ ਆਤਮਘਾਤੀ ਬੰਬ ਧਮਾਕੇ ਦੇ ਸ਼ੱਕ ਹੈ। ਸਥਾਨਕ ਮੀਡੀਆ ਅਨੁਸਾਰ ਚਸ਼ਮਦੀਦਾਂ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ। ਅਧਿਕਾਰਤ ਤੌਰ ‘ਤੇ ਮਰਨ ਵਾਲਿਆਂ ਦੀ ਗਿਣਤੀ ਅਜੇ ਨਹੀਂ ਦਿੱਤੀ ਗਈ ਹੈ।
ਇਸ ਤੋਂ ਇਲਾਵਾ ਕਿਸੇ ਵੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਅਧਿਕਾਰੀਆਂ ਦੇ ਅਨੁਸਾਰ, ਧਮਾਕਾ ਕੰਧਾਰ ਸ਼ਹਿਰ ਦੇ ਪੁਲਿਸ ਜ਼ਿਲ੍ਹਾ ਇੱਕ (ਪੀਡੀ 1) ਦੀ ਇੱਕ ਮਸਜਿਦ ਵਿੱਚ ਹੋਇਆ। ਸਥਾਨਕ ਲੋਕਾਂ ਨੇ ਟੋਲੋ ਨਿਊਜ਼ ਨੂੰ ਦੱਸਿਆ ਕਿ ਧਮਾਕਾ ਸ਼ੀਆ ਭਾਈਚਾਰੇ ਨਾਲ ਸਬੰਧਤ ਇੱਕ ਮਸਜਿਦ ਵਿੱਚ ਹੋਇਆ। ਧਮਾਕਾ ਉਸ ਸਮੇਂ ਹੋਇਆ ਜਦੋਂ ਸ਼ੁੱਕਰਵਾਰ ਦੀ ਨਮਾਜ਼ ਚੱਲ ਰਹੀ ਸੀ। ਇਸ ਤੋਂ ਪਹਿਲਾਂ 8 ਅਕਤੂਬਰ ਨੂੰ ਉੱਤਰੀ ਅਫਗਾਨਿਸਤਾਨ ਵਿੱਚ ਇੱਕ ਮਸਜਿਦ ਵਿੱਚ ਧਮਾਕਾ ਹੋਇਆ ਸੀ, ਜਿਸ ਵਿੱਚ ਘੱਟੋ-ਘੱਟ 100 ਲੋਕ ਮਾਰੇ ਗਏ ਸਨ। ਇਹ ਧਮਾਕਾ ਸ਼ੀਆ ਮੁਸਲਮਾਨਾਂ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ।