ਜਲੰਧਰ, 13 ਅਕਤੂਬਰ (ਦਲਜੀਤ ਸਿੰਘ)- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਲਏ ਜਾ ਰਹੇ ਫ਼ੈਸਲਿਆਂ ’ਤੇ ਕਾਂਗਰਸ ਹਾਈਕਮਾਨ ਦੀ ਵੀ ਮੋਹਰ ਲੱਗ ਰਹੀ ਹੈ। ਹਾਈਕਮਾਨ ਨੇ ਹੁਣ ਤਕ ਮੁੱਖ ਮੰਤਰੀ ਨੂੰ ਲੈ ਕੇ ਜੋ ਸਟੈਂਡ ਲਿਆ ਹੈ, ਉਸ ਦੇ ਅਨੁਸਾਰ ਸਰਕਾਰ ਅਤੇ ਸੰਗਠਨ ਨੂੰ ਆਪਣੇ-ਆਪਣੇ ਖੇਤਰਾਂ ਵਿਚ ਕੰਮ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ। ਹਾਈਕਮਾਨ ਦੇ ਰਵੱਈਏ ਨੂੰ ਧਿਆਨ ਵਿਚ ਰੱਖਦਿਆਂ ਹੁਣ ਹੌਲੀ-ਹੌਲੀ ਸਰਕਾਰੀ ਕੰਮਕਾਜ ਵਿਚ ਵੀ ਤੇਜ਼ੀ ਆ ਰਹੀ ਹੈ। ਕਾਂਗਰਸੀ ਲੀਡਰਸ਼ਿਪ ਵਿਧਾਨ ਸਭਾ ਚੋਣਾਂ ਨੂੰ ਨੇੜੇ ਵੇਖਦੇ ਹੋਏ ਅਨੁਸ਼ਾਸਨ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦੇ ਪੱਖ ਵਿਚ ਹੈ। ਮੁੱਖ ਮੰਤਰੀ ਵਲੋਂ ਹਰ ਹਫ਼ਤੇ ਕੈਬਨਿਟ ਦੀ ਬੈਠਕ ਬੁਲਾਈ ਜਾ ਰਹੀ ਹੈ, ਜਿਸ ਵਿਚ ਹਰ ਵਾਰ ਕੋਈ ਨਾ ਕੋਈ ਨਵਾਂ ਫ਼ੈਸਲਾ ਲਿਆ ਜਾ ਰਿਹਾ ਹੈ।
ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ। ਦਸੰਬਰ ਦੇ ਆਖਰੀ ਹਫਤੇ ’ਚ ਚੋਣ ਕਮਿਸ਼ਨ ਵਲੋਂ ਆਦਰਸ਼ ਚੋਣ ਜ਼ਾਬਤਾ ਲਾਗੂ ਕਰ ਦਿੱਤਾ ਜਾਵੇਗਾ। ਅਜਿਹੀ ਹਾਲਤ ’ਚ ਚੰਨੀ ਸਰਕਾਰ ਨੂੰ ਅਗਲੇ ਕੁਝ ਦਿਨਾਂ ਵਿਚ ਆਪਣੇ ਸਾਰੇ ਵੱਡੇ ਫ਼ੈਸਲਿਆਂ ਨੂੰ ਵਿਵਹਾਰਕ ਰੂਪ ਦੇਣਾ ਪਵੇਗਾ। ਇਕ ਪਾਸੇ ਸਰਕਾਰ ਨੂੰ ਇਸ ਵੇਲੇ ਬਿਜਲੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਦੂਜੇ ਪਾਸੇ ਉਸ ਦਾ ਧਿਆਨ ਚੋਣਾਂ ਤੋਂ ਪਹਿਲਾਂ ਸਾਰੇ ਅਹਿਮ ਵਾਅਦਿਆਂ ਨੂੰ ਪੂਰਾ ਕਰਨ ਵੱਲ ਟਿਿਕਆ ਹੋਇਆ ਹੈ।