ਕਾਬੁਲ, 9 ਅਕਤੂਬਰ (ਦਲਜੀਤ ਸਿੰਘ)- ਤਰੀ ਅਫ਼ਗਾਨਿਸਤਾਨ ਵਿਚ ਸ਼ੀਆ ਮੁਸਲਿਮ ਨਮਾਜ਼ੀਆਂ ਨਾਲ ਭਰੀ ਮਸਜਿਦ ਵਿਚ ਸ਼ੁੱਕਰਵਾਰ ਨੂੰ ਹੋਏ ਧਮਾਕੇ ਵਿਚ ਘੱਟੋ-ਘੱਟ 100 ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਜ਼ਖ਼ਮੀ ਹੋ ਗਏ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਇਸ ਦੌਰਾਨ, ਅੱਤਵਾਦੀ ਸਮੂਹ ਇਸਲਾਮਿਕ ਸਟੇਟ (ਆਈ.ਐੱਸ.) ਨੇ ਮਸਜਿਦ ਵਿਚ ਹੋਏ ਬੰਬ ਧਮਾਕਿਆਂ ਦੀ ਜ਼ਿੰਮੇਵਾਰੀ ਲਈ ਅਤੇ ਕਿਹਾ ਕਿ ਉਸ ਦੇ ਆਤਮਘਾਤੀ ਹਮਲਾਵਰ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਆਈ.ਐੱਸ. ਨਾਲ ਜੁੜੀ ਅਮਾਕ ਨਿਊਜ਼ ਏਜੰਸੀ ਨੇ ਕੁੰਦੁਜ਼ ਸੂਬੇ ਦੀ ਇਕ ਮਸਜਿਦ ਵਿਚ ਦੁਪਹਿਰ ਦੀ ਨਮਾਜ਼ ਦੌਰਾਨ ਹੋਏ ਧਮਾਕੇ ਦੇ ਕੁਝ ਘੰਟਿਆਂ ਬਾਅਦ ਇਸ ਦਾਅਵੇ ਦੀ ਜਾਣਕਾਰੀ ਦਿੱਤੀ।
ਆਪਣੇ ਦਾਅਵੇ ਵਿਚ ਆਈ.ਐੱਸ. ਨੇ ਆਤਮਘਾਤੀ ਹਮਲਾਵਰ ਦੀ ਪਛਾਣ ਇਕ ਉਈਗਰ ਮੁਸਲਮਾਨ ਵਜੋਂ ਕੀਤੀ ਅਤੇ ਕਿਹਾ ਕਿ ਇਸ ਹਮਲੇ ਵਿਚ ਸ਼ੀਆ ਅਤੇ ਤਾਲਿਬਾਨ ਦੋਵਾਂ ਨੂੰ ਨਿਸ਼ਾਨਾ ਬਣਾਇਆ ਗਿਆ, ਜੋ ਉਈਗਰਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਵਿਚ ਚੀਨ ਨੂੰ ਰੁਕਾਵਟ ਪਾ ਰਹੇ ਹਨ। ਤਾਲਿਬਾਨ ਦੇ ਬੁਲਾਰੇ ਬਿਲਾਲ ਕਰੀਮੀ ਨੇ ਐਸੋਸੀਏਟਡ ਪ੍ਰੈਸ ਨੂੰ ਦੱਸਿਆ ਕਿ 100 ਨਮਾਜ਼ੀ ਮਾਰੇ ਗਏ ਅਤੇ 143 ਜ਼ਖ਼ਮੀ ਹੋਏ ਹਨ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ।