ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਤਲਬ ਕਰਨ ‘ਤੇ ਤੀਸਰੀ ਵਾਰ ਵੀ ਹਾਜ਼ਰ ਨਹੀਂ ਹੋਏ ਕੈਪਟਨ, ਦਿੱਤਾ ਇਕ ਹੋਰ ਮੌਕਾ

mand/nawanpunjab.com

ਅੰਮ੍ਰਿਤਸਰ,4 ਅਕਤੂਬਰ (ਦਲਜੀਤ ਸਿੰਘ)- ਸਰਬੱਤ ਖਾਲਸਾ ਦੇ ਜਥੇਦਾਰ ਭਾਈ ਧਿਆਨ ਸਿੰਘ ਮੰਡ ਵੱਲੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਤਲਬ ਕਰਨ ‘ਤੇ ਤੀਸਰੀ ਵਾਰ ਵੀ ਕੈਪਟਨ ਹਾਜ਼ਰ ਨਹੀਂ ਹੋਏ। ਇਸ ਤੋਂ ਪਹਿਲਾਂ ਜਥੇਦਾਰ ਮੰਡ ਸਰਬੱਤ ਖਾਲਸਾ ਦੇ ਮੁੱਖ ਪ੍ਰਬੰਧਕ ਭਾਈ ਜਰਨੈਲ ਸਿੰਘ ਸਖ਼ੀਰਾ, ਹਰਬੀਰ ਸਿੰਘ ਸੰਧੂ, ਬਲਵਿੰਦਰ ਸਿੰਘ ਕਾਲਾ ਤੇ ਪੰਜ ਸਿੰਘਾਂ ਬਾਬਾ ਨਛੱਤਰ ਸਿੰਘ ਕੱਲਰ ਭੈਣੀ, ਬਾਬਾ ਹਿੰਮਤ ਸਿੰਘ, ਬਾਬਾ ਹਰਬੰਸ ਸਿੰਘ ਜੈਨਪੁਰ ਤੇ ਭਾਈ ਅਮਰਜੀਤ ਸਿੰਘ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਗਏ। ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਥ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜਥੇਦਾਰ ਧਿਆਨ ਸਿੰਘ ਮੰਡ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਇਨਸਾਫ਼ ਵਾਸਤੇ ਚੱਲ ਰਹੇ ਬਰਗਾੜੀ ਮੋਰਚੇ ਨੂੰ ਪੰਜਾਬ ਸਰਕਾਰ ਵੱਲੋਂ ਧੋਖੇ ਤੇ ਫਰੇਬ ਨਾਲ ਚੁਕਾਉਣ ਦੇ ਸਬੰਧ ਵਿੱਚ ਪੰਜ ਸਿੰਘ ਸਾਹਿਬਾਨ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰੰਪਰਾ ਤੇ ਮਰਯਾਦਾ ਅਨੁਸਾਰ ਪੰਜਾਬ ਸਰਕਾਰ ਦੇ ਏਲਚੀ ਤੇ ਮੌਜੂਦਾ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਤਿੰਨ ਵਿਧਾਇਕ ਹਰਮਿੰਦਰ ਸਿੰਘ ਗਿੱਲ, ਕੁਲਬੀਰ ਸਿੰਘ ਜ਼ੀਰਾ ਤੇ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਦੋ ਵਾਰ ਸੱਦਣ ਉਪਰੰਤ ਉਨ੍ਹਾਂ ਆਪਣੇ ਸਪੱਸ਼ਟੀਕਰਨ ਅਨੁਸਾਰ ਮੋਰਚਾ ਚੁਕਵਾਉਣ ਦੀ ਸਾਰੀ ਜ਼ਿੰਮੇਵਾਰੀ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਸੁੱਟ ਦਿੱਤੀ।

ਬਾਰ-ਬਾਰ ਬੁਲਵਾਉਣ ‘ਤੇ ਕੈਪਟਨ ਅਮਰਿੰਦਰ ਸਿੰਘ ਹਾਜ਼ਰ ਨਹੀਂ ਹੋਏ। ਇਸ ਲਈ ਉਨ੍ਹਾਂ ਨੂੰ ਇੱਕ ਹੋਰ ਮੌਕਾ ਦਿੰਦਿਆਂ ਅਗਲੀ ਤਾਰੀਖ਼ ਪੇਸ਼ੀ 10 ਨਵੰਬਰ ਦੁਪਹਿਰ 11-00 ਵਜੇ ਦੀ ਰੱਖੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪੰਜ ਏਲਚੀਆਂ ‘ਚੋਂ ਸੁਖਜਿੰਦਰ ਸਿੰਘ ਰੰਧਾਵਾ ਨਵੀਂ ਸਰਕਾਰ ‘ਚ ਉੱਪ ਮੁੱਖ ਮੰਤਰੀ ਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਮੰਤਰੀ ਹਨ ਅਤੇ ਮੁੱਖ ਮੰਤਰੀ ਵੀ ਹੁਣ ਇਨ੍ਹਾਂ ਦੀ ਮਰਜ਼ੀ ਦੇ ਹਨ। ਕੈਪਟਨ ਸਮੇਂ ਇਨ੍ਹਾਂ ਦੀ ਮਜ਼ਬੂਰੀ ਸੀ ਪਰ ਹੁਣ ਇਨ੍ਹਾਂ ਕੋਲ ਪੂਰਨ ਅਧਿਕਾਰ ਹਨ। ਇਨ੍ਹਾਂ ਨੂੰ ਵੀ ਆਦੇਸ਼ ਦਿੱਤਾ ਜਾਂਦਾ ਹੈ ਕਿ ਇਹ ਆਪਣੇ ਸਰਕਾਰੀ ਤੇ ਪੰਥਕ ਫ਼ਰਜ਼ਾਂ ਨੂੰ ਨਿਭਾਉਂਦੇ ਹੋਏ 10 ਨਵੰਬਰ ਤੱਕ ਸਾਰੀ ਕਾਰਵਾਈ ਮੁਕੰਮਲ ਕਰਕੇ ਪੰਜੇ ਏਲਚੀ 10 ਨਵੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਹਾਜ਼ਰ ਹੋ ਕੇ ਕੌਮ ਨੂੰ ਜਵਾਬ ਦੇਣ। ਉਨ੍ਹਾਂ ਕਿਹਾ ਕਿ ਹੁਣ ਨਾ ਤਾਂ ਕਿਸੇ ਕਿਸਮ ਦੀ ਕੋਤਾਹੀ ਤੇ ਨਾ ਹੀ ਕੋਈ ਬਹਾਨਾ ਚੱਲੇਗਾ। ਹੁਕਮ ਨਾ ਮੰਨਣ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੋਂ ਪੰਥਕ ਰਵਾਇਤਾਂ ਅਨੁਸਾਰ ਸਖ਼ਤ ਕਾਰਵਾਈ ਹੋਵੇਗੀ।

Leave a Reply

Your email address will not be published. Required fields are marked *