ਲਖਨਊ, 4 ਅਕਤੂਬਰ (ਦਲਜੀਤ ਸਿੰਘ)- ਲਖੀਮਪੁਰ ਖੀਰੀ ਦੇ ਤਿਕੋਨੀਆ ਖੇਤਰ ਵਿਚ ਹੋਈ ਹਿੰਸਾ ਵਿਚ ਕਈ ਕਿਸਾਨਾਂ ਸਮੇਤ 8 ਲੋਕਾਂ ਦੀ ਮੌਤ ਦੇ ਬਾਅਦ ਸੋਮਵਾਰ ਤੜਕੇ ਮੌਕੇ ’ਤੇ ਜਾ ਰਹੀ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਰਸਤੇ ਵਿਚ ਸੀਤਾਪੁਰ ਵਿਚ ਹਿਰਾਸਤ ਵਿਚ ਲੈ ਲਿਆ ਗਿਆ। ਕਾਂਗਰਸ ਦੀ ਉਤਰ ਪ੍ਰਦੇਸ਼ ਇਕਾਈ ਦੇ ਪ੍ਰਧਾਨ ਅਜੇ ਕੁਮਾਰ ਲੱਲੂ ਨੇ ਦੱਸਿਆ ਕਿ ਵਾਡਰਾ ਅਤੇ ਕਾਂਗਰਸ ਦੇ ਰਾਜਸਭਾ ਮੈਂਬਰ ਦਪਿੰਦਰ ਹੁੱਡਾ ਸਮੇਤ ਕੁੱਝ ਸੀਨੀਅਰ ਨੇਤਾ ਲਖੀਮਪੁਰ ਖੀਰੀ ਜਾ ਰਹੇ ਸਨ। ਉਦੋਂ ਤੜਕੇ ਕਰੀਬ 5 ਵਜੇ ਰਸਤੇ ਵਿਚ ਉਨ੍ਹਾਂ ਨੂੰ ਸੀਤਾਪੁਰ ਵਿਚ ਹਿਰਾਸਤ ਵਿਚ ਲੈ ਲਿਆ ਗਿਆ। ਉਨ੍ਹਾਂ ਨੇ ਪੁਲਸ ਕਰਮੀਆਂ ’ਤੇ ਵਾਡਰਾ ਨਾਲ ਧੱਕਾ-ਮੁੱਕੀ ਕਰਨ ਦਾ ਵੀ ਦੋਸ਼ ਲਗਾਇਆ ਅਤੇ ਕਿਹਾ ਕਿ ਕਾਂਗਰਸ ਜਨਰਲ ਸਕੱਤਰ ਕਿਸਾਨਾਂ ਦਾ ਦੁੱਖ-ਦਰਦ ਵੰਡਣ ਜਾ ਰਹੀ ਸੀ ਅਤੇ ਉਨ੍ਹਾਂ ਨੂੰ ਇਸ ਤਰ੍ਹਾਂ ਨਾਲ ਰੋਕਿਆ ਜਾਣਾ ਗੈਰ-ਲੋਕਤੰਤਰੀ ਹੈ।
ਦੂਜੇ ਪਾਸੇ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਰਾਸ਼ਟਰੀ ਜਨਰਲ ਸਕੱਤਰ ਸਤੀਸ਼ ਚੰਦਰ ਮਿਸ਼ਰਾ ਨੇ ਪੁਲਸ ਪ੍ਰਸ਼ਾਸਨ ’ਤੇ ਲਖੀਮਪੁਰ ਖੀਰੀ ਜਾਣ ਤੋਂ ਰੋਕਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੇ ਉਨ੍ਹਾਂ ਨੋਟਿਸ ਦਿੱਤਾ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਕਾਨੂੰਨ ਵਿਵਸਥਾ ਦੀ ਸਥਿਤੀ ਦੇ ਮੱਦੇਨਜ਼ਰ ਉਹ ਲਖੀਮਪੁਰ ਖੀਰੀ ਨਹੀਂ ਜਾ ਸਕਦੇ। ਲਿਹਾਜਾ ਉਨ੍ਹਾਂ ਨੇ ਸੋਮਵਾਰ ਨੂੰ ਉਥੇ ਜਾਣ ਦਾ ਇਰਾਦਾ ਛੱਡ ਦਿੱਤਾ ਹੈ। ਆਮ ਆਦਮੀ ਪਾਰਟੀ ਦੇ ਰਾਜਸਭਾ ਮੈਂਬਰ ਸੰਜੇ ਸਿੰਘ ਨੂੰ ਵੀ ਦੇਰ ਰਾਤ ਲਖੀਮਪੁਰ ਖੀਰੀ ਜਾਣ ਤੋਂ ਰੋਕ ਦਿੱਤਾ ਗਿਆ ਹੈ।