ਨਵੀਂ ਦਿੱਲੀ, 2 ਅਕਤੂਬਰ – ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਾਂਗਰਸ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਪਾਰਟੀ ਨੇਤਾਵਾਂ ਵਲੋਂ ਆਪਣੀ ਬਦ-ਇੰਤਜ਼ਾਮੀ ਨੂੰ ਛੁਪਾਉਣ ਲਈ ਸਪਸ਼ਟ ਝੂਠ ਬੋਲਿਆ ਜਾ ਰਿਹਾ ਹੈ। ਪਾਰਟੀ ਦੇ ਪੰਜਾਬ ਇੰਚਾਰਜ ਹਰੀਸ਼ ਰਾਵਤ ਤੇ ਸੀਨੀਅਰ ਨੇਤਾ ਰਣਦੀਪ ਸੁਰਜੇਵਾਲਾ ਵਲੋਂ ਸਾਂਝੇ ਕੀਤੇ ਗਏ ਕਾਂਗਰਸ ਹਾਈਕਮਾਨ ਦੇ ਕੈਪਟਨ ਖ਼ਿਲਾਫ਼ ਭਰੋਸੇ ਦੀ ਕਮੀ ਪ੍ਰਗਟ ਕਰਨ ਵਾਲੇ ਇਕ ਕਥਿਤ ਪੱਤਰ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਗ਼ਲਤੀਆਂ ਦੀ ਕਾਮੇਡੀ ਕਰਾਰ ਦਿੱਤਾ ਹੈ।
ਉਨ੍ਹਾਂ ਨੇ ਕਿਹਾ ਕਿ ਅਜਿਹਾ ਲਗਦਾ ਹੈ ਕਿ ਪੂਰੀ ਪਾਰਟੀ ਨਵਜੋਤ ਸਿੰਘ ਸਿੱਧੂ ਦੀ ਕਾਮਿਕ ਥਿਊਟ੍ਰਿਕਸ ਦੀ ਭਾਵਨਾ ਨਾਲ ਪ੍ਰਭਾਵਿਤ ਹੋ ਗਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਦੀ ਸਥਿਤੀ ਇਹ ਹੈ ਕਿ ਉਹ ਆਪਣੇ ਝੂਠ ਦਾ ਠੀਕ ਨਾਲ ਸੰਤੁਲਨ ਵੀ ਨਹੀਂ ਕਰ ਸਕਦੀ। ਪਾਰਟੀ ਦੇ ਸੀਨੀਅਰ ਨੇਤਾਵਾਂ ਦਾ ਪਾਰਟੀ ਦੇ ਕੰਮਕਾਜ ਤੋਂ ਪੂਰੀ ਤਰ੍ਹਾਂ ਮੋਹ ਭੰਗ ਹੋ ਗਿਆ ਹੈ।