ਭੋਗਪੁਰ, 27 ਸਤੰਬਰ (ਦਲਜੀਤ ਸਿੰਘ)- ਸੰਯੁਕਤ ਕਿਸਾਨ ਮੋਰਚੇ ਵੱਲੋਂ ਮਿਲੀ ਭਾਰਤ ਬੰਦ ਦੀ ਕਾਲ ਦੌਰਾਨ ਕਿਸਾਨ ਜਥੇਬੰਦੀਆਂ ਵੱਲੋਂ ਵੱਖ-ਵੱਖ ਥਾਵਾਂ ‘ਤੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਦਿੱਲੀ ਵਿਚ ਸੰਘਰਸ਼ ਕਰ ਰਹੀਆਂ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਦੇ ਸੰਯੁਕਤ ਕਿਸਾਨ ਮੋਰਚੇ ਵੱਲੋਂ 27 ਸਤੰਬਰ ਨੂੰ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਦੇ ਹੇਠ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਬਲਾਕ ਪ੍ਰਧਾਨ ਅਮਰਜੀਤ ਸਿੰਘ ਚੌਲਾਂਗ ਦੀ ਅਗਵਾਈ ਹੇਠ ਭਾਰੀ ਗਿਣਤੀ ਵਿਚ ਕਿਸਾਨਾਂ ਨਾਲ ਜਲੰਧਰ ਜੰਮੂ-ਕੌਮੀ ਸ਼ਾਹ ਮਾਰਗ ਨੂੰ ਬੰਦ ਕਰ ਦਿੱਤਾ ਗਿਆ ਹੈ।
ਇਸ ਧਰਨੇ ਪ੍ਰਦਰਸ਼ਨ ਦੀ ਸੁਰੱਖਿਆ ਲਈ ਪ੍ਰਸ਼ਾਸਨ ਵੱਲੋਂ ਡੀ. ਐੱਸ. ਪੀ. ਅਨਿਲ ਕੁਮਾਰ ਭਨੋਟ ਨਾਇਬ ਤਹਿਸੀਲਦਾਰ ਧਰਮਿੰਦਰ ਕੁਮਾਰ ਥਾਣਾ ਮੁਖੀ ਭੋਗਪੁਰ ਹਰਿੰਦਰ ਸਿੰਘ ਆਦਿ ਨੂੰ ਭਾਰਤ ਭਾਰੀ ਸੁਰੱਖਿਆ ਫੋਰਸ ਨਾਲ ਤਾਇਨਾਤ ਕੀਤਾ ਗਿਆ ਹੈ।
ਇਸ ਧਰਨੇ ਪ੍ਰਦਰਸ਼ਨ ਵਿਚ ਬੁਲਾਰਿਆਂ ਵੱਲੋਂ ਮੋਦੀ ਸਰਕਾਰ ਖ਼ਿਲਾਫ਼ ਕਈ ਤਰ੍ਹਾਂ ਦੇ ਤੰਜ ਕੱਸੇ ਜਾ ਰਹੇ ਹਨ। ਧਰਨੇ ਵਿੱਚ ਪੁੱਜ ਰਹੇ ਕਿਸਾਨਾਂ ਨੂੰ ਲੰਗਰ ਉਪਲੱਬਧ ਕਰਵਾਉਣ ਲਈ ਪਿੰਡ ਪਚਰੰਗਾ ਦੇ ਕਿਸਾਨਾਂ ਵੱਲੋਂ ਲੰਗਰ ਦੀ ਵਿਵਸਥਾ ਕੀਤੀ ਗਈ ਹੈ।