ਚੰਡੀਗੜ੍ਹ, 22 ਸਤੰਬਰ (ਦਲਜੀਤ ਸਿੰਘ)- ਸਿਟੀ ਬਿਊਟੀਫੁੱਲ ਚੰਡੀਗੜ੍ਹ ਦੀ ਖੂਬਸੂਰਤ ਸੁਖਨਾ ਝੀਲ ‘ਤੇ 22 ਸਤੰਬਰ ਨੂੰ ਸਾਲ 1971 ਦੇ ਵਿਜੇ ਦਿਵਸ ‘ਤੇ ਏਅਰਫੋਰਸ ਵੱਲੋਂ ਵਿਸ਼ੇਸ਼ ਏਅਰਸ਼ੋਅ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਆਯੋਜਨ ਅੱਜ ਸ਼ਾਮ ਨੂੰ ਸਾਢੇ 4 ਵਜੇ ਦੇਖਣ ਨੂੰ ਮਿਲੇਗਾ। ਸੁਖਨਾ ਝੀਲ ‘ਤੇ ਆਯੋਜਿਤ ਵਿਸ਼ੇਸ਼ ਏਅਰਸ਼ੋਅ ‘ਚ ਸੂਰਿਆ ਕਿਰਨ ਏਅਰਸ਼ੋਅ ਅਤੇ ਹੋਰ ਏਅਕਕ੍ਰਾਫਟ ਆਪਣੇ ਹਵਾਈ ਕਰਤਬ ਦਿਖਾ ਕੇ ਲੋਕਾਂ ਦਾ ਮਨ ਮੋਹ ਲੈਣਗੇ।
ਅੱਜ ਹੋਣ ਵਾਲੇ ਏਅਰਸ਼ੋਅ ਲਈ ਮੰਗਲਵਾਰ ਨੂੰ ਹਵਾਈ ਫ਼ੌਜ ਨੇ ਫੁਲ ਡਰੈੱਸ ਰਿਹਰਸਲ ਕੀਤੀ, ਜਿਸ ਨੂੰ ਦੇਖਣ ਲਈ ਲੋਕਾਂ ਦੀ ਭੀੜ ਉਮੀਦ ਤੋਂ ਜ਼ਿਆਦਾ ਜੁੱਟ ਗਈ। ਅਸਮਾਨ ‘ਚ ਰਾਫੇਲ, ਚਿਨੂਕ ਅਤੇ ਹੋਰ ਲੜਾਕੂ ਜਹਾਜ਼ਾਂ ਦੀ ਦਹਾੜ ਨੇ ਪੂਰੇ ਸੰਸਾਰ ਨੂੰ ਭਾਰਤੀ ਹਵਾਈ ਫ਼ੌਜ ਦੇ ਸਾਹਸ ਤੋਂ ਜਾਣੂੰ ਕਰਵਾਇਆ। ਹੁਣ ਬੁੱਧਵਾਰ ਨੂੰ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਦੀ ਮੌਜੂਦਗੀ ‘ਚ ਸੁਖਨਾ ਝੀਲ ‘ਤੇ ਏਅਰਸ਼ੋਅ ਦਾ ਆਯੋਜਨ ਕੀਤਾ ਜਾਵੇਗਾ।
ਦੱਸਣਯੋਗ ਹੈ ਕਿ ਸਾਲ 1971 ਦੇ ਭਾਰਤ-ਪਾਕਿ ਯੁੱਧ ‘ਚ ਜਿੱਤ ਦੇ 50 ਸਾਲ ਪੂਰੇ ਹੋਣ ਦੀ ਖੁਸ਼ੀ ‘ਚ ਹਵਾਈ ਫ਼ੌਜ ਇਸ ਏਅਰਸ਼ੋਅ ਦਾ ਆਯੋਜਨ ਕਰ ਰਹੀ ਹੈ। ਏਅਰਸ਼ੋਅ ਦੀ ਸ਼ੁਰੂਆਤ ਸੂਰਿਆ ਕਿਰਨ ਏਅਰੋਬੈਟਿਕਸ ਟੀਮ (ਸਕੈਟ) ਦੇ 2 ਜਹਾਜ਼ਾਂ ਦੇ ਕਰਤਬ ਤੋਂ ਹੋਈ। ਰਿਹਰਸਲ ਦੌਰਾਨ ਟੀਮ ਦੇ 2 ਜਹਾਜ਼ ਇਕੱਠੇ ਅਸਮਾਨ ‘ਚ ਕਲਾਬਾਜ਼ੀਆਂ ਕਰਦੇ ਦਿਖਾਈ ਦਿੱਤੇ। ਟੀਮ ਵੱਲੋਂ ਦਿਖਾਏ ਗਏ ਕਰਤਬਾਂ ਨੇ ਦਰਸ਼ਕਾਂ ਨੂੰ ਮਾਣ ਮਹਿਸੂਸ ਕਰਵਾਇਆ।
ਇਸ ਤੋਂ ਇਲਾਵਾ ਸੁਖਨਾ ਆਈਲੈਂਡ ‘ਤੇ ਫ਼ੌਜ ਦਾ ਆਪਰੇਸ਼ਨ ਵੀ ਦਿਖਾਇਆ ਗਿਆ, ਜਿਸ ‘ਚ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਵੀ ਲੋਕਾਂ ਨੂੰ ਸੁਣਾਈ ਦਿੱਤੀਆਂ। ਰਿਹਰਸਲ ‘ਚ ਮੌਜੂਦ ਲੋਕਾਂ ਨੇ ਤਾੜੀਆਂ ਵਜਾ ਕੇ ਚਿਨੂਕ ਦਾ ਸੁਆਗਤ ਕੀਤਾ।