ਚੰਡੀਗੜ੍ਹ,18 ਸਤੰਬਰ (ਦਲਜੀਤ ਸਿੰਘ)- ਕੈਪਟਨ ਅਮਰਿੰਦਰ ਸਿੰਘ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਉਨ੍ਹਾਂ ਦਾ ਤੇ ਉਨ੍ਹਾਂ ਦੇ ਮੰਤਰੀ ਮੰਡਲ ਦਾ ਅਸਤੀਫਾ ਸਵੀਕਾਰ ਕਰ ਲਿਆ। ਰਾਜਪਾਲ ਨੇ ਉਨ੍ਹਾਂ ਤੇ ਉਨ੍ਹਾਂ ਦੇ ਮੰਤਰੀ ਮੰਡਲ ਨੂੰ ਰੁਟੀਨ ਦੇ ਕਾਰੋਬਾਰ ਦੇਖਦੇ ਰਹਿਣ ਲਈ ਕਿਹਾ ਹੈ, ਜਦੋਂ ਤੱਕ ਬਦਲਵੇਂ ਪ੍ਰਬੰਧ ਨਹੀਂ ਕੀਤੇ ਜਾਂਦੇ। ਮੁੱਖ ਮੰਤਰੀ ਅਹੁਦੇ ਤੋਂ ਬਾਅਦ ਅਸਤੀਫ਼ਾ ਦੇਣ ਮਗਰੋਂ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰ ਫੇਰ ਤੋਂ ਨਵਜੋਤ ਸਿੰਘ ਸਿੱਧੂ ‘ਤੇ ਹਮਲਾ ਬੋਲਿਆ ਹੈ। ਕੈਪਟਨ ਨੇ ਇਸ ਵਾਰ ਸਿੱਧੂ ਦੇ ਤਾਰ ਪਾਕਿਸਤਾਨ ਨਾਲ ਜੋੜ ਦਿੱਤੇ ਹਨ। ਕੈਪਟਨ ਨੇ ਅੱਜ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਕਾਂਗਰਸ ਪਾਰਟੀ ਨਵੇਂ ਮੁੱਖ ਮੰਤਰੀ ਤੇ ਫੈਸਲਾ ਲੈਣ ਵਾਲੀ ਹੈ। ਇਸ ਵਿਚਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਫ ਕਰ ਦਿੱਤਾ ਹੈ ਕਿ ਜੇਕਰ ਸਿੱਧੂ ਦਾ ਨਾਂ ਮੁੱਖ ਮੰਤਰੀ ਲਈ ਆਉਂਦਾ ਹੈ ਤਾਂ ਉਹ ਦੇਸ਼ ਦੇ ਰੱਖਿਆ ਖਾਤਰ ਇਸ ਫੈਸਲੇ ਦਾ ਵਿਰੋਧ ਕਰਨਗੇ। ਕੈਪਟਨ ਨੇ ANI ਨਾਲ ਗੱਲਬਾਤ ਕਰਦੇ ਹੋਏ ਕਿਹਾ, “ਪਾਕਿਸਤਾਨ ਦਾ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਫੌਜ ਮੁਖੀ ਬਾਜਵਾ ਸਿੱਧੂ ਦੇ ਯਾਰ ਹਨ। ਆਏ ਦਿਨ ਸਰਹੱਦੀ ਇਲਾਕਿਆਂ ‘ਚ ਨਸ਼ਾ ਤਸਕਰੀ, ਡ੍ਰੋਨ ਰਾਹੀਂ ਹਥਿਆਰ ਤੇ ਹੋਰ ਗਤੀਵੀਧੀਆਂ ਹੁੰਦੀਆਂ ਰਹਿੰਦੀਆਂ ਹਨ। ਅਜਿਹੇ ‘ਚ ਦੇਸ਼ ਦੇ ਸੁਰੱਖਿਆ ਅਹਿਮ ਹੈ ਤੇ ਜੇ ਸਿੱਧੂ ਦਾ ਨਾਮ ਮੁੱਖ ਮੰਤਰੀ ਲਈ ਆਉਂਦਾ ਹੈ ਤਾਂ ਮੈਂ ਇਸ ਦਾ ਵਿਰੋਧ ਕਰਾਂਗਾ।” ਕੈਪਟਨ ਨੇ ਕਿਹਾ, “ਸਾਡਾ ਪਾਕਿਸਤਾਨ ਨਾਲ ਬਾਰਡਰ ਲਗਦਾ ਹੈ ਅਤੇ ਇਹ ਕੌਮੀ ਸੁਰੱਖਿਆ ਦਾ ਮਾਮਲਾ ਹੈ।ਸਿੱਧੂ ਇੱਕ ਅਯੋਗ ਨੇਤਾ ਹੈ।ਉਸਨੂੰ ਇੱਕ ਮੰਤਰਾਲੇ ਦਿੱਤਾ ਸੀ, ਪਰ ਉਸ ਕੋਲੋਂ ਸੱਤ ਮਹੀਨੇ ਫਾਈਲਾਂ ਹੀ ਕਲੀਅਰ ਨਹੀਂ ਹੋਈਆਂ ਜਿਸ ਮਗਰੋਂ ਉਸਨੂੰ ਮੈਂ ਬਾਹਰ ਕਰਕੇ, ਬ੍ਰਹਮ ਮੋਹਿੰਦਰਾ ਜੀ ਨੂੰ ਮੰਤਰਾਲੇ ਦੇ ਦਿੱਤਾ।ਜੋ ਵਿਅਕਤੀ ਇੱਕ ਮੰਤਰਾਲਾ ਨਹੀਂ ਚਲਾ ਸਕਦਾ ਉਹ ਪੂਰਾ ਸੂਬਾ ਕਿਵੇਂ ਚਲਾ ਸਕਦਾ ਹੈ।”