ਗੁਰਦਾਸਪੁਰ, 18 ਸਤੰਬਰ (ਦਲਜੀਤ ਸਿੰਘ)- ਪੰਜਾਬੀ ਅਦਾਕਾਰ ਦੀਪ ਸਿੱਧੂ ਵਲੋਂ ਬੀਤੀ ਦਿਨ ਦਿੱਤੇ ਗਏ ਬਿਆਨ ਨੂੰ ਲੈ ਕੇ ਕਿਸਾਨ ਜਥੇਬੰਦੀਆਂ ‘ਚ ਰੋਸ ਪਾਇਆ ਜਾ ਰਿਹਾ ਹੈ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਸਾਨੂੰ ਦੀਪ ਸਿੱਧੂ ਤੋਂ ਕੋਈ ਸਰਟੀਫਿਕੇਟ ਲੈਣ ਦੀ ਜ਼ਰੂਰਤ ਨਹੀਂ ਹੈ, ਕਿ ਕੌਣ ਸ਼ਹੀਦ ਹੈ ਅਤੇ ਕੌਣ ਸ਼ਹੀਦ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਇਨਸਾਨ ਦੀ ਕਿਸੇ ਦੀ ਖਾਤਿਰ ਮੌਤ ਹੁੰਦੀ ਹੈ ਤਾਂ ਉਹ ਸ਼ਹੀਦ ਹੀ ਹੁੰਦਾ ਹੈ। ਕਿਸਾਨਾਂ ਦਾ ਕਹਿਣਾ ਸੀ ਕਿ ਦੀਪ ਸਿੱਧੂ ਭਾਜਪਾ ਦਾ ਬੰਦਾ ਹੈ ਅਤੇ ਇਸ ‘ਚ ਹਰਜੀਤ ਗਰੇਵਾਲ, ਹਰਿੰਦਰ ਕਾਹਲੋਂ ਅਤੇ ਸੁਰਜੀਤ ਸਿੰਘ ਜਿਆਣੀ ਦੀ ਆਤਮਾ ਵੜ ਗਈ ਹੈ ਤਾਂ ਹੀ ਦੀਪ ਸਿੱਧੂ ਇਸ ਤਰ੍ਹਾਂ ਦੇ ਬਿਆਨ ਦੇ ਰਿਹਾ ਹੈ। ਮਾਝਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਗੁਰਪ੍ਰੀਤ ਸਿੰਘ, ਰਣਧੀਰ ਸਿੰਘ, ਹਰਮਨ ਸਿੰਘ ਅਤੇ ਜਸਵਿੰਦਰ ਸਿੰਘ ਨੇ ਕਿਹਾ ਕਿ 26 ਜਨਵਰੀ ਨੂੰ ਵੀ ਦੀਪ ਸਿੱਧੂ ਵਲੋਂ ਕਿਸਾਨੀ ਸੰਘਰਸ਼ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਹੁਣ ਫਿਰ ਦੀਪ ਸਿੱਧੂ ਨੇ ਜੋ ਸ਼ਹੀਦ ਹੋਏ ਕਿਸਾਨਾਂ ਬਾਰੇ ਗ਼ਲਤ ਬਿਆਨ ਦਿੱਤਾ ਹੈ, ਅਸੀਂ ਉਸਦੀ ਕੜੀ ਨਿੰਦਾ ਕਰਦੇ ਹਾਂ।
ਉਨ੍ਹਾਂ ਨੇ ਕਿਹਾ ਕਿ ਜੋ ਵੀ ਇਨਸਾਨ ਆਪਣੇ ਘਰੋਂ ਕਿਸਾਨੀ ਅੰਦੋਲਨ ‘ਚ ਜਾਂਦਾ ਹੈ ਉਹ ਸਿਰ ‘ਤੇ ਕਫ਼ਨ ਬੰਨ ਕੇ ਜਾਂਦਾ ਹੈ। ਉਸ ਨੂੰ ਨਹੀਂ ਪਤਾ ਕਿ ਉਸ ਨੇ ਵਾਪਸਆਉਣਾ ਵੀ ਹੈ ਜਾਂ ਨਹੀਂ। ਉਨ੍ਹਾਂ ਨੇ ਕਿਹਾ ਕਿ ਕਿਸਾਨ ਆਪਣੇ ਵਜੂਦ ਦੀ ਲੜਾਈ ਲੜ ਰਿਹਾ ਹੈ। ਕਿਸਾਨੀ ਸੰਘਰਸ਼ ‘ਚ ਕਿਸੇ ਵੀ ਕਿਸਾਨ ਦੀ ਜਾਨ ਗਈ ਹੈ, ਉਹ ਸ਼ਹੀਦ ਹੀ ਹੈ। ਜੇ ਦੀਪ ਸਿੱਧੂ ਦੀ ਗੱਲ ਕੀਤੀ ਜਾਵੇ ਤਾਂ, ਇਹ ਕਿਸੇ ਏਜੰਸੀਆਂ ਦਾ ਬੰਦਾ ਹੈ ਅਤੇ ਇਸ ‘ਚ ਭਾਜਪਾ ਦੀ ਰੂਹ ਵੜ ਗਈ ਹੈ। ਅਸੀਂ ਆਪਣੇ ਨੌਜਵਾਨਾਂ ਅਤੇ ਕਿਸਾਨ ਜਥੇਬੰਦੀਆਂ ਨੂੰ ਬੇਨਤੀ ਕਰਦੇ ਹਾਂ, ਕਿ ਜਦੋਂ ਤੱਕ ਦੀਪ ਸਿੱਧੂ ਮਾਫ਼ੀ ਨਹੀਂ ਮੰਗਦਾ, ਉਦੋਂ ਤਕ ਦੀਪ ਸਿੱਧੂ ਨੂੰ ਕੋਈ ਵੀ ਸਟੇਜ ਸਾਂਝੀ ਨਾ ਕਰਨ ਦਿੱਤੀ ਜਾਵੇ।