ਸਿੱਧੂ ਨੇ ਕੈਂਸਰ ਦੇ ਇਲਾਜ ਦਾ ਡਾਈਟ ਪਲਾਨ ਕੀਤਾ ਜਾਰੀ, ਮਾਹਿਰਾਂ ਵੱਲੋਂ ਖਾਰਜ ਕਰਨ ਦੇ ਬਾਵਜੂਦ ਸੋਸ਼ਲ ਮੀਡੀਆ ‘ਤੇ ਕੀਤਾ ਅਪਲੋਡ

ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੇ ਆਯੁਰਵੈਦਿਕ ਢੰਗ ਨਾਲ ਪਤਨੀ ਡਾ. ਨਵਜੋਤ ਕੌਰ ਦੇ ਕੈਂਸਰ ਦਾ ਇਲਾਜ ਵਾਲਾ ਡਾਈਟ ਪਲਾਨ ਜਾਰੀ ਕੀਤਾ ਹੈ। ਸਿੱਧੂ ਨੇ ਕਿਹਾ ਕਿ ਇਸੇ ਡਾਈਟ ਪਲਾਨ ਨਾਲ ਪਤਨੀ ਦਾ ਸਟੇਜ-4 ਕੈਂਸਰ ਠੀਕ ਹੋਇਆ। ਇਹ ਡਾਕਟਰਾਂ ਦੀ ਹੀ ਆਬਜ਼ਰਵੇਸ਼ਨ ਹੈ। ਉਨ੍ਹਾਂ ਕਿਹਾ ਕਿ ਡਾਕਟਰ ਭਗਵਾਨ ਦਾ ਰੂਪ ਹਨ। ਮੇਰੇ ਘਰ ਵਿਚ ਤਾਂ ਖ਼ੁਦ ਇਕ ਡਾਕਟਰ ਹੈ। ਉਨ੍ਹਾਂ ਕਿਹਾ ਕਿ ਇਸ ਡਾਈਟ ਪਲਾਨ ਨਾਲ ਕੈਂਸਰ ਨਾਲ ਲੜਨ ਦੌਰਾਨ ਸਰੀਰ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਦੀ ਹੈ। ਇਹ ਜੀਵਨਸ਼ੈਲੀ ਵਿਚ ਸਕਾਰਾਤਮਕ ਬਦਲਾਅ ਲਿਆਉਣ ਵਿਚ ਮਦਦਗਾਰ ਹੋ ਸਕਦਾ ਹੈ। ਡਾਈਟ ਬਣਾਉਣ ਵਿਚ ਮੇਰਾ ਕੋਈ ਯੋਗਦਾਨ ਨਹੀਂ ਹੈ।

ਸਿੱਧੂ ਦੀ ਵੀਡੀਓ ਤੋਂ ਬਾਅਦ ਵਿਵਾਦ ਹੋ ਗਿਆ ਤੇ ਟਾਟਾ ਮੈਮੋਰੀਅਲ ਹਸਪਤਾਲ ਦੇ ਡਾਕਟਰਾਂ ਨੇ ਇਸ ਨੂੰ ਖਾਰਜ ਕੀਤਾ। ਉਨ੍ਹਾਂ ਕਿਹਾ ਸੀ ਕਿ ਸਿੱਧੂ ਦੀਆਂ ਦੱਸੀਆਂ ਕੁਝ ਚੀਜ਼ਾਂ ‘ਤੇ ਰਿਸਰਚ ਚੱਲ ਰਹੀ ਹੈ ਪਰ ਇਨ੍ਹਾਂ ਤੋਂ ਉੱਭਰ ਜਾਣ ਦਾ ਦਾਅਵਾ ਠੀਕ ਨਹੀਂ। ਲੋਕਾਂ ਨੂੰ ਕੈਂਸਰ ਵਰਗੇ ਲੱਛਣ ਹੋਣ ‘ਤੇ ਤੁਰੰਤ ਹਸਪਤਾਲ ‘ਚ ਜਾਂਚ ਕਰਵਾਉਣੀ ਚਾਹੀਦੀ ਹੈ।

ਡਾ. ਨਵਜੋਤ ਕੌਰ ਨੇ ਕਿਹਾ- ਡਾਕਟਰ ਹੁੰਦੇ ਹੋਏ ਮੈਂ ਇਹੀ ਸਮਝਦੀ ਸੀ ਕਿ ਇਲਾਜ ਪਹਿਲਾਂ ਹੈ ਤੇ ਆਯੁਰਵੈਦ ਸਭ ਤੋਂ ਬਾਅਦ ਵਿਚ। ਮੈਨੂੰ ਲਗਦਾ ਸੀ ਕਿ ਮੈਂ ਬਿਮਾਰ ਹਾਂ, ਇਸ ਲਈ ਕੌੜੀਆਂ ਚੀਜ਼ਾਂ ਦੇਣ ਲੱਗ ਪਏ ਪਰ ਹੌਲੀ-ਹੌਲੀ ਇਹੀ ਚੀਜ਼ਾਂ ਮੈਨੂੰ ਸਵਾਦ ਵੀ ਲੱਗਣ ਲੱਗ ਪਈਆਂ। ਇਸ ਦਾ ਫਾਇਦਾ ਮੈਨੂੰ ਇਹ ਵੀ ਹੋਇਆ ਕਿ ਮੇਰਾ ਭਾਰ ਘਟਣਾ ਸ਼ੁਰੂ ਹੋ ਗਿਆ ਤੇ ਸਰੀਰ ਦੀ ਫੁਲਾਵਟ ਗ਼ਾਇਬ ਹੋਣ ਲੱਗੀ। ਨਤੀਜਾ ਇਹ ਹੋਇਆ ਕਿ ਮੈਂ ਇਹੀ ਡਾਈਟ ਪਲਾਨ ਫਾਲੋ ਕਰ ਰਹੀ ਹਾਂ। ਪਰ ਇਸਦਾ ਮਤਲਬ ਇਹ ਨਹੀਂ ਕਿ ਮੈਂ ਠੀਕ ਹੋ ਗਈ। ਦਰਅਸਲ ਕੈਂਸਰ ਸੈੱਲ ਸਾਡੇ ਸਰੀਰ ਦੇ ਅੰਦਰ ਹੀ ਹੁੰਦੇ ਹਨ, ਉਨ੍ਹਾਂ ਨੂੰ ਦੁਬਾਰਾ ਪੈਦਾ ਹੋਣ ਦਾ ਰੋਕਣਾ ਹੀ ਵੱਡੀ ਚੁਣੌਤੀ ਹੈ। ਇਹ ਜੀਵਨਸ਼ੈਲੀ ਬਦਲਣ ਦਾ ਤਰੀਕਾ ਹੈ ਜਿਸ ਨੂੰ ਮੈਂ ਫਾਲੋ ਕਰਦੀ ਹਾਂ।

Leave a Reply

Your email address will not be published. Required fields are marked *