ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਦੇ ਮਾਮਲੇ ਨੂੰ ਲੈ ਕੇ ਬਾਬਾ ਸਰਬਜੋਤ ਸਿੰਘ ਬੇਦੀ, ਸੰਤ ਸੇਵਾ ਸਿੰਘ ਰਾਮਪੁਰ ਖੇੜਾ ਸਾਹਿਬ, ਸੰਤ ਹਰੀ ਸਿੰਘ ਰੰਧਾਵੇ ਵਾਲੇ, ਸੰਤ ਲਖਵੀਰ ਸਿੰਘ ਰਤਵਾੜਾ ਸਾਹਿਬ ਤੇ ਸੰਤ ਗੁਰਦੇਵ ਸਿੰਘ ਬਜਵਾੜਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਪੱਤਰ ਲਿਖਿਆ ਹੈ|
ਪੱਤਰ ‘ਚ ਲਿਖਿਆ ਹੈ ਕਿ ਪਿਛਲੇ ਸਮੇਂ ‘ਚ ਸਿੱਖ ਕੌਮ ਦੀ ਧਾਰਮਿਕ ਅਤੇ ਰਾਜਨੀਤਕ ਲੀਡਰਸ਼ਿਪ ਵੱਲੋਂ ਸਿੱਖੀ ਸਿਧਾਂਤ ਨੂੰ ਅੱਖੋਂ ਪਰੋਖੇ ਕਰ ਕੇ ਲਏ ਗਏ ਫੈਸਲਿਆਂ ਕਾਰਨ ਸਮੁੱਚੀ ਕੌਮ ਬੜੀਆਂ ਗੰਭੀਰ ਪਰਸਥਿਤੀਆਂ ‘ਚੋਂ ਲੰਘ ਰਹੀ ਹੈ ਜਿਸ ਕਰਕੇ ਪੰਥ ਦੀਆਂ ਸੰਸਥਾਵਾਂ ਕੌਮੀ ਰੋਹ ਦਾ ਸਾਹਮਣਾ ਕਰ ਰਹੀਆਂ ਹਨ। ਮੌਜੂਦਾ ਸਮੇਂ ਪੰਥ ਦੇ ਵਾਲੀ ਨੇ ਆਪਣੇ ਤਖਤਾਂ ਦੀ ਸ਼ਾਨਮੱਤੀ ਆਭਾ ਨੂੰ ਮੁੜ ਉਜਾਗਰ ਕਰਨ ਲਈ, ਮਨੁੱਖੀ ਸੋਚ ਤੋਂ ਪਰ੍ਹੇ ਦੇ ਹਾਲਾਤ ਬਣਾ ਕੇ, ਇਨ੍ਹਾਂ ਮਸਲਿਆਂ ਦੇ ਹੱਲ ਲਈ ਆਪ ਜੀਆਂ ਦੇ ਮੋਢਿਆਂ ਉੱਪਰ ਬਹੁਤ ਵੱਡੀ ਜ਼ਿੰਮੇਵਾਰੀ ਪਾ ਦਿੱਤੀ ਹੈ। ਅੱਜ ਸਮੁੱਚੀ ਕੌਮ, ਭਵਿੱਖ ਦੀ ਚਿੰਤਾ ਵਿੱਚ ਡੁੱਬੀ ਹੋਈ, ਬੜੀ ਆਸ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਅਧੀਨ, ਸਿੰਘ ਸਾਹਿਬਾਨਾਂ ਵੱਲ ਨੀਝ ਲਾ ਕੇ ਗੁਰਸਿੱਖੀ ਪਰੰਪਰਾਵਾਂ ਦੀ ਪੁਨਰ ਸੁਰਜੀਤੀ ਦੀ ਆਸ ਲਾਈ ਬੈਠੀ ਹੈ।