ਅੰਬਾਲਾ, ਕਿਸਾਨ ਅੰਦੋਲਨ-2 (Farmer Agitation-2) ਦੇ ਚਲਦਿਆਂ ਪਿਛਲੇ 10 ਮਹੀਨਿਆਂ ਤੋਂ ਬੰਦ ਦਿੱਲੀ-ਅੰਮ੍ਰਿਤਸਰ ਹਾਈਵੇ-44 ਨੂੰ ਅੰਬਾਲਾ ਸ਼ਹਿਰ ਦੇ ਕਾਲਕਾ ਚੌਕ ਤੋਂ ਸ਼ੰਭੂ ਟੌਲ ਤੋਂ ਪਹਿਲਾਂ ਤੱਕ ਖੋਲ੍ਹ ਕੇ ਅੰਬਾਲਾ ਪੁਲੀਸ ਨੇ ਵਾਹਨ ਚਾਲਕਾਂ ਨੂੰ ਮਾਮੂਲੀ ਰਾਹਤ ਦਿੱਤੀ ਹੈ। ਪੁਲੀਸ ਨੇ ਬਲਦੇਵ ਨਗਰ ਥਾਣੇ ਦੇ ਸਾਹਮਣੇ ਬੰਦ ਕੀਤੇ ਕਾਲਕਾ ਚੌਕ ਫਲਾਈਓਵਰ ’ਤੇ ਲਾਏ ਬੈਰੀਕੇਡ ਹਟਾ ਲਏ ਹਨ।
ਹੁਣ ਵਾਹਨ ਚਾਲਕ ਇਸ ਫਲਾਈਓਵਰ ਦੇ ਉੱਪਰੋਂ ਜਾ ਕੇ ਅੱਗੇ ਹਾਈਵੇ ਤੱਕ ਪਹੁੰਚ ਸਕਦੇ ਹਨ। ਉਸ ਤੋਂ ਅੱਗੇ ਰੂਟ ਡਾਇਵਰਟ ਕਰ ਦਿੱਤਾ ਗਿਆ ਹੈ ਅਤੇ ਸ਼ੰਭੂ ਟੌਲ ਪਲਾਜ਼ਾ ਵੱਲ ਕਿਸੇ ਨੂੰ ਜਾਣ ਨਹੀਂ ਦਿੱਤਾ ਜਾਵੇਗਾ। ਫਲਾਈਓਵਰ ਦੇ ਉੱਤੋਂ ਬੰਦ ਕੀਤੇ ਰਸਤੇ ਖੋਲ੍ਹ ਦਿੱਤੇ ਗਏ ਹਨ।
ਜਾਣਕਾਰੀ ਅਨੁਸਾਰ ਪੁਲੀਸ ਵੱਲੋਂ ਥੋੜ੍ਹੀ ਜਿਹੀ ਰਾਹਤ ਦੇਣ ਦਾ ਫੈਸਲਾ ਕਾਲਕਾ ਚੌਕ ਵਿਚ ਲਗਾਤਾਰ ਲੱਗ ਰਹੇ ਜਾਮ ਦੇ ਮੱਦੇਨਜ਼ਰ ਲਿਆ ਗਿਆ ਹੈ ਜਦੋਂ ਕਿ ਸ਼ੰਭੂ ਟੌਲ ਵੱਲੋਂ ਅੰਬਾਲਾ ਸ਼ਹਿਰ ਵੱਲ ਆਉਣ ਵਾਲਾ ਰਸਤਾ ਪਹਿਲਾਂ ਹੀ ਖੋਲ੍ਹ ਦਿੱਤਾ ਗਿਆ ਸੀ। ਨੈਸ਼ਨਲ ਹਾਈਵੇ ਦਾ ਇਹ ਥੋੜ੍ਹਾ ਜਿਹਾ ਹਿੱਸਾ ਖੁੱਲ੍ਹਣ ਨਾਲ ਵਾਹਨ ਚਾਲਕਾਂ ਨੂੰ ਕਾਫੀ ਰਾਹਤ ਮਿਲੇਗੀ। ਇਸ ਨਾਲ ਉਨ੍ਹਾਂ ਨੂੰ ਲੰਮੇ ਚੱਕਰ ਅਤੇ ਜਾਮ ਤੋਂ ਨਿਜਾਤ ਮਿਲ ਜਾਵੇਗੀ।