ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਵਰਕਿੰਗ ਕਮੇਟੀ (Working Committee) ਨੂੰ ਆਪਣਾ ਅਸਤੀਫਾ ਸੌਂਪਿਆ ਹੈ। ਪਾਰਟੀ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ (Daljit Singh Cheema) ਨੇ ਇਹ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਦਿੱਤੀ ਹੈ। ਕਾਬਿਲੇਗ਼ੌਰ ਹੈ ਕਿ ਸੁਖਬੀਰ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਨਖਾਹੀਆ ਐਲਾਨਿਆ ਹੋਇਆ ਹੈ ਜਿਸ ਦੇ ਸਬੰਧ ‘ਚ ਧਾਰਮਿਕ ਸਜ਼ਾ ਸੁਣਾਈ ਜਾਣੀ ਬਾਕੀ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਸੁਖਬੀਰ ਸਿੰਘ ਬਾਦਲ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚੇ ਸਨ। ਗੱਲ ਵਿਚ ਪੱਲਾ ਪਾ ਕੇ ਇਕ ਫਰਿਆਦ ਵਾਲਾ ਲਿਫਾਫਾ ਨਾਲ ਲੈ ਕੇ ਉਹ ਨਤਮਸਤਕ ਹੋਏ। ਤਨਖਾਹੀਆ ਕਰਾਰ ਹੋਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੂਜੀ ਵਾਰ ਆਪਣੀ ਫਰਿਆਦ ਲੈ ਕੇ ਪਹੁੰਚੇ ਸਨ। ਸੁਖਬੀਰ ਨੇ ਆਪਣਾ ਫਰਿਆਦ ਪੱਤਰ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਦੀ ਗੈਰ ਹਾਜ਼ਰੀ ਵਿੱਚ ਸਕੱਤਰੇਤ ਦੇ ਅਧਿਕਾਰੀਆਂ ਨੂੰ ਸੌਂਪਿਆ ਸੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਤਨਖਾਹੀਆ ਕਰਾਰ ਦਿੱਤਿਆਂ ਢਾਈ ਮਹੀਨੇ ਦਾ ਸਮਾਂ ਬੀਤ ਚੁੱਕਾ ਹੈ ਜਿਸ ਤੋਂ ਬਾਅਦ ਉਹ ਨਾ ਤਾਂ ਪਾਰਟੀ ਦੇ ਰੁਝੇਵਿਆਂ ‘ਚ ਵਿਚਰ ਰਹੇ ਹਨ ਅਤੇ ਨਾ ਹੀ ਜਨਤਾ ਵਿਚਾਲੇ। ਉਨ੍ਹਾਂ ਦੱਸਿਆ ਕਿ 30 ਅਗਸਤ ਨੂੰ ਉਨ੍ਹਾਂ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਸੀ ਤੇ ਅਗਲੇ ਦਿਨ ਹੀ ਉਨ੍ਹਾਂ ਨਿੱਜੀ ਤੌਰ ‘ਤੇ ਪੇਸ਼ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਮਰਪਿਤ ਹੁੰਦਿਆਂ ਹਰੇਕ ਹੁਕਮ ਨੂੰ ਮੰਨਣ ਲਈ ਬੇਨਤੀ ਪੱਤਰ ਦੇ ਦਿੱਤਾ ਸੀ। ਇਸ ਕਰ ਕੇ ਲੰਮਾ ਸਮਾਂ ਬੀਤਣ ਤੋਂ ਬਾਅਦ ਮੁੜ ਨਿੱਜੀ ਤੌਰ ‘ਤੇ ਪੇਸ਼ ਹੋ ਕੇ ਉਨ੍ਹਾਂ ਜਥੇਦਾਰ ਨੂੰ ਬੇਨਤੀ ਕੀਤੀ ਹੈ ਕਿ ਇਸ ਮਾਮਲੇ ਸੰਬੰਧੀ ਜਲਦ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਕਰ ਕੇ ਫੈਸਲਾ ਲਿਆ ਜਾਵੇ। ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੋਣ ਵਾਲੇ ਹੁਕਮ ਨੂੰ ਉਹ ਖਿੜੇ ਮੱਥੇ ਪ੍ਰਵਾਨ ਕਰਨਗੇ।