ਧਰਮਕੋਟ, ਮੋਗਾ-ਅੰਮ੍ਰਿਤਸਰ ਸ਼ਾਹਰਾਹ ਉੱਤੇ ਸਥਿਤ ਪਿੰਡ ਮੱਲੂਬਾਣੀਆ ਨੇੜੇ ਸ਼ਨਿੱਚਰਵਾਰ ਤੜਕਸਾਰ ਵਾਪਰੇ ਸੜਕੀ ਹਾਦਸੇ ਵਿੱਚ ਝੋਨੇ ਦੇ ਭਰੇ ਤਿੰਨ ਟਰੱਕ ਅਤੇ ਦੋ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ, ਪਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਸਰਦੀ ਦੀ ਪਹਿਲੀ ਧੁੰਦ ਦੇ ਸ਼ੁਰੂਆਤੀ ਦਿਨ ਅੱਜ ਤੜਕਸਾਰ 3 ਵਜੇ ਦੇ ਕਰੀਬ ਪਿੰਡ ਮੱਲੂਬਾਣੀਆ ਪਾਸ ਮੰਡੀਆਂ ਵਿੱਚੋਂ ਕੋਟ ਈਸੇ ਖਾਂ ਵੱਲ ਝੋਨੇ ਦੀ ਢੋਆ-ਢੁਆਈ ਕਰ ਰਹੇ ਪਰ ਖਰਾਬ ਹਾਲਤ ਵਿੱਚ ਖੜ੍ਹੇ ਟਰੱਕ ਇਕ ਨਾਲ ਉਪਰੋ-ਥੱਲੇ ਦੋ ਹੋਰ ਝੋਨੇ ਦੇ ਭਰੇ ਟਰੱਕ ਟਕਰਾਅ ਗਏ।
ਇਸੇ ਦੌਰਾਨ ਹੀ ਇਕ ਸਕਾਰਪੀਓ (ਪੀਬੀ 29ਏਬੀ 1286) ਅਤੇ ਇਕ ਸਵਿਫ਼ਟ ਕਾਰ ਵੀ ਇਨ੍ਹਾਂ ਟਰੱਕਾਂ ਨਾਲ ਆ ਕੇ ਟਕਰਾ ਗਈਆਂ। ਇਸ ਕਾਰਨ ਦੋ ਟਰੱਕ ਅਤੇ ਦੋਵੇਂ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਲੇਕਿਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਪੁਲੀਸ ਚੌਕੀ ਬਘੇਲੇਵਾਲਾ ਦੇ ਇੰਚਾਰਜ ਅਨਵਰ ਮਸੀਹ ਨੇ ਦੱਸਿਆ ਕਿ ਇਹ ਹਾਦਸਾ ਖਰਾਬ ਖੜ੍ਹੇ ਟਰੱਕ ਕਾਰਨ ਵਾਪਰਿਆ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਮੌਕੇ ’ਤੇ ਘਟਨਾ ਦੀ ਜਾਣਕਾਰੀ ਪ੍ਰਾਪਤ ਕੀਤੀ ਅਤੇ ਟਰੱਕਾਂ ਵਾਲਿਆਂ ਦੀ ਆਪਸੀ ਸਹਿਮਤੀ ਹੋਣ ਕਾਰਨ ਕੋਈ ਪੁਲੀਸ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ ਹੈ।