ਜਸਵੀਰ ਸਿੰਘ ਰਾਣਾ ਦਾ ਨਾਵਲ 70% ਪ੍ਰੇਮ ਕਥਾ ਪੇਂਡੂ ਸਭਿਆਚਾਰ ਦਾ ਪ੍ਰਤੀਕ

ਜਸਵੀਰ ਸਿੰਘ ਰਾਣਾ ਪੰਜਾਬੀ ਦਾ ਸਮਰੱਥ ਬਹੁ-ਵਿਧਾਵੀ ਸਾਹਿਤਕਾਰ ਹੈ। ਉਸ ਦੀਆਂ ਸਾਹਿਤ ਦੇ ਵੱਖ-ਵੱਖ ਰੂਪਾਂ ਦੀਆਂ 7 ਮੌਲਿਕ, 1 ਜੀਵਨੀ ਅਤੇ 2 ਸੰਪਾਦਿਤ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਇਹ ਨਾਵਲ/ਜੀਵਨੀ ਉਸਦੀ 8ਵੀਂ ਮੌਲਿਕ ਪੁਸਤਕ ਹੈ। ਮੁੱਢਲੇ ਤੌਰ ‘ਤੇ ਉਹ ਕਹਾਣੀਕਾਰ ਹੈ। ਉਸ ਦੀਆਂ ਕਹਾਣੀਆਂ ਅਕਾਦਮਿਕ ਖੇਤਰ ਵਿੱਚ ਕਈ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਸਲੇਬਸ ਵਿੱਚ ਲੱਗੀਆਂ ਹੋਈਆਂ ਹਨ। ਉਸ ਦੀ ਕਹਾਣੀ ਕਲਾ ਉਪਰ 8 ਖੋਜ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ ਉਸ ਦੀੇ ਨਾਵਲ ਅਤੇ ਕਹਾਣੀਆਂ ਉਪਰ ਕਈ ਯੂਨੀਵਰਸਿਟੀਆਂ ਵਿੱਚ ਐਮ.ਫਿਲ. ਅਤੇ ਪੀ.ਐਚ ਡੀ.ਪੱਧਰ ਦਾ ਖੋਜ ਕਾਰਜ ਹੋ ਰਿਹਾ ਹੈ। ਜਸਵੀਰ ਸਿੰਘ ਰਾਣਾ ਨੂੰ ਵੱਖ-ਵੱਖ ਸੰਸਥਾਵਾਂ ਵੱਲੋਂ 14 ਮਾਣ ਸਨਮਾਨ ਮਿਲ ਚੁੱਕੇ ਹਨ। ਇਸ ਨਾਵਲ/ਜੀਵਨੀ ਨੂੰ ਪੜ੍ਹਦਿਆਂ ਮਹਿਸੂਸ ਹੁੰਦਾ ਹੈ ਕਿ ਉਹ ਦਿਹਾਤੀ ਰਹਿਤਲ ਦਾ ਚਿਤੇਰਾ ਸਾਹਿਤਕਾਰ ਹੈ। ਉਸ ਦੀ ਬੋਲੀ ਤੇ ਸ਼ੈਲੀ ਠੇਠ ਮਲਵਈ ਹੈ। ਪਿੰਡਾਂ ਦੀ ਆਮ ਬੋਲ ਚਾਲ ਵਿੱਚ ਵਰਤੇ ਜਾਣ ਵਾਲੇ ਸ਼ਬਦਾਂ ਦੀ ਵਰਤੋਂ ਕੀਤੀ ਹੈ, ਜਿਵੇਂ ਮੈਸ੍ਹਾਂ, ਲਟੈਣ, ਲੋਟਣੀ, ਘੰਦੂਈ ਸੂਈ, ਚੱਪੇ, ਗੀਜ੍ਹਾ, ਸੁੱਬ, ਪਾੜਛੇ, ਖੱਪਦਾ, ਬੋਹਲ, ਖੱਤਾ, ਭਰਚਿੱਟੀ, ਬੋਈਏ, ਗਲੋਟੇ, ਸੂਹਣ, ਫਿੜਕੇ, ਓਟਾ, ਮਕਾਣਾਂ, ਬਾਬਰੀਆ, ਦੋਲਾ, ਪਰਾਂਤ, ਚੰਦੂਏ, ਝੁਲਸਾਂਗੇ, ਸੁੰਭਰਨ, ਘੇਸੂ ਆਦਿ। ਇਸ ਸ਼ਬਦਾਵਲੀ ਨੂੰ ਸਾਂਭਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਸਾਡੇ ਦਿਹਾਤੀ ਸਭਿਆਚਾਰ ਦਾ ਅਨਿਖੜਵਾਂ ਅੰਗ ਹੈ। ਇਹ ਸ਼ਬਦ ਆਧੁਨਿਕ ਸਮੇਂ ਵਿੱਚ ਅਲੋਪ ਹੋ ਰਹੇ ਹਨ। ਨਾਵਲ/ਜੀਵਨੀ ਪੜ੍ਹਦਿਆਂ ਰੌਚਿਕਤਾ ਬਰਕਰਾਰ ਰਹਿੰਦੀ ਹੈ। ਇੱਕ ਚੈਪਟਰ ਤੋਂ ਬਾਅਦ ਦੂਜਾ ਪੜ੍ਹਨ ਦੀ ਚੇਸ਼ਟਾ ਬਣੀ ਰਹਿੰਦੀ ਹੈ ਕਿ ਅੱਗੇ ਕੀ ਹੋਵੇਗਾ? ਇਹੋ ਨਾਵਲਕਾਰ/ਜੀਵਨੀਕਾਰ ਦੀ ਵਿਲੱਖਣਤਾ ਹੈ। ਇਹ ਨਾਵਲ/ਜੀਵਨੀ ਉਸਨੇ ਆਪਣੇ ਪਰਿਵਾਰ ਖਾਸ ਤੌਰ ‘ਤੇ ਮਾਤਾ ਪਿਤਾ ਨੂੰ ਧੁਰਾ ਬਣਾਕੇ ਦਿਹਾਤੀ ਸਭਿਆਚਾਰ ਦਾ ਵਿਸ਼ਲੇੋਸ਼ਣ ਕੀਤਾ ਹੈ। ਜਸਵੀਰ ਸਿੰਘ ਰਾਣਾ ਦੇ ਕੁਨਬੇ ਦਾਦਕਿਆਂ, ਨਾਨਕਿਆਂ ਅਤੇ ਪਿੰਡਾਂ ਦੇ ਲੋਕਾਂ ਦੇ ਵਿਵਹਾਰ, ਸਹਿਯੋਗ, ਮੇਲ ਮਿਲਾਪ, ਪਿੰਡਾਂ ਦੇ ਰੰਗ ਢੰਗ ਅਤੇ ਸਹਿਹੋਂਦ ਦੀ ਜੀਵਨੀ ਹੈ। ਪਿੰਡਾਂ ਵਿੱਚ ਜਿਹੜੀਆਂ ਪਰੰਪਰਾਵਾਂ ਅਤੇ ਨਿੱਕੇ ਨਿੱਕੇ ਰਸਮੋ ਰਿਵਾਜ ਜੋ ਸਦੀਆਂ ਤੋਂ ਚਲਦੇ ਆ ਰਹੇ ਹਨ, ਉਹ ਆਧੁਨਿਕਤਾ ਦੇ ਜ਼ਮਾਨੇ ਵਿੱਚ ਵੀ ਬਾਦਸਤੂਰ ਜ਼ਾਰੀ ਹਨ। ਭਾਵੇਂ ਲੋਕ ਇਨ੍ਹਾਂ ਨੂੰ ਵਹਿਮ-ਭਰਮ ਹੀ ਸਮਝਣ ਪ੍ਰੰਤੂ ਦਿਹਾਤੀ ਸਭਿਅਚਾਰ ਦਾ ਹਿੱਸਾ ਬਣ ਚੁੱਕੇ ਹਨ। ਇਨਸਾਨ ਦੇ ਜਨਮ ਤੋਂ ਇਹ ਪਰੰਪਰਾਵਾਂ ਸ਼ੁਰੂ ਹੋ ਕੇ ਸਮੁੱਚੇ ਜੀਵਨ ਮਰਨ ਤੱਕ ਚਲਦੀਆਂ ਰਹਿੰਦੀਆਂ ਹਨ। ਮੌਤ ਤੋਂ ਬਾਅਦ ਚਿਤਾ ਦਾ ਜਲਨਾ, ਫੁੱਲ ਚੁਗਣੇ ਤੇ ਪਾਉਣੇ, ਕਰਤਾਰਪੁਰ ਜਾਣ ਮੌਕੇ ਦੀਆਂ ਰੀਤਾਂ, ਮਕਾਣਾਂ, ਭੋਗਾਂ ‘ਤੇ ਲੀਡਰਾਂ ਦੇ ਭਾਸ਼ਣ ਆਦਿ ਦਾ ਚਿਤਰਣ ਨਾਵਲਕਾਰ/ਜੀਵਨੀਕਾਰ ਨੇ ਬਾਕਮਾਲ ਢੰਗ ਨਾਲ ਕੀਤਾ ਹੈ। ਇਹ ਨਾਵਲ/ਜੀਵਨੀ ਲਿਖਕੇ ਜਸਵੀਰ ਸਿੰਘ ਰਾਣਾ ਨੇ ਆਪਣੇ ਪਿੰਡ ਦੀ ਮਿੱਟੀ ਦਾ ਮੁੱਲ ਤਾਰ ਦਿੱਤਾ ਹੈ। ਜਸਵੀਰ ਸਿੰਘ ਰਾਣਾ ਪਿੰਡ ਵਿੱਚ ਜੰਮਿ੍ਹਆਂ ਪਲਿਆ, ਪੜ੍ਹਿਆ ਅਤੇ ਅੱਜ ਤੱਕ ਉਥੇ ਹੀ ਰਹਿ ਰਿਹਾ ਹੈ, ਇਸ ਕਰਕੇ ਉਸ ਨੇ ਪੇਂਡੂ ਪਾਤਰ ਬਹੁਤ ਹੀ ਸਲੀਕੇ ਤੇ ਰੂਹ ਨਾਲ ਚਿਤਰੇ ਹਨ, ਕਿਸ ਪ੍ਰਕਾਰ ਅਜੇ ਤੱਕ ਵੀ ਸ਼ਰੀਕੇਬਾਜ਼ੀ ਬਰਕਰਾਰ ਹੈ, ਰਿਸ਼ਤੇਦਾਰਾਂ, ਗੁਆਂਢੀਆਂ, ਪਿੰਡ ਵਾਸੀਆਂ ਅਤੇ ਸ਼ਰੀਕੇ ਦੇ ਵਿਵਹਾਰ ਨੂੰ ਵੀ ਕਮਾਲ ਦਾ ਚਿਤਰਿਆ ਹੈ। ਲੇਖਕ ਦਾ ਪਿਤਾ ਦਰਸ਼ਨ ਸਿੰਘ ਫ਼ੌਜੀ ਦੀ 1965 ਤੇ 71 ਦੀ ਜੰਗ ਸਮੇਂ ਦੇਸ਼ ਭਗਤੀ, ਸ਼ਰਾਬ ਪੀਣ ਦੀ ਲੱਤ ਪਿੰਡਾਂ ਵਿੱਚ ਸ਼ਰਾਬੀਆਂ ਦੇ ਰੰਗਾਂ ਢੰਗਾਂ ਨੂੰ ਸੁਚੱਜੇ ਢੰਗ ਨਾਲ ਪੇਸ਼ ਕੀਤਾ ਹੈ। ਸ਼ਰਾਬੀ ਅਕਸਰ ਦਰਸ਼ਨ ਸਿੰਘ ਦੀ ਤਰ੍ਹਾਂ ਭਾਵੇਂ ਐਕਸੀਡੈਂਟਾਂ ਦੇ ਸ਼ਿਕਾਰ ਹੁੰਦੇ ਹਨ ਅਤੇ ਕਿਤਨੇ ਹੀ ਦੁੱਖ ਸਹਿੰਦੇ ਹੋਣ ਪ੍ਰੰਤੂ ਸ਼ਰਾਬ ਪੀਣ ਤੋਂ ਝਿਜਕਦੇ ਨਹੀਂ। ਸ਼ਰਾਬੀਆਂ ਦੇ ਪਰਿਵਾਰਾਂ ਦੀ ਤਰਸਯੋਗ ਹਾਲਤ ਦ੍ਰਿਸ਼ਟਾਂਤਕ ਰੂਪ ਵਿੱਚ ਲਿਖੀ ਗਈ ਹੈ। ਪਿੰਡਾਂ ਵਿੱਚੋਂ ਸੱਥਾਂ ਦਾ ਗਾਇਬ ਹੋਣਾ, ਮੋਬਾਈਲਾਂ ਦੀ ਭਰਮਾਰ, ਕਰਜ਼ਾ ਦੇਣ ਵਾਲੇ ਸ਼ਾਹਾਂ ਦੀ ਨੀਅਤ, ਸੱਸਾਂ ਦਾ ਨੂੰਹਾਂ ਨਾਲ ਵਿਵਹਾਰ, ਅਮਲੀਆਂ ਦੀ ਹਾਲਤ, ਪੈਸੇ ਧੇਲੇ ਦੇ ਲੈਣ ਦੇਣ ਸਮੇਂ ਲੇਖਾ ਮਾਵਾਂ ਧੀਆਂ ਦਾ ਬਾਰੇ ਲਿਖਿਆ ਹੈ। ਵੈਸੇ ਇਸ ਨਾਵਲ ਦਾ ਹਰ ਚੈਪਟਰ ਦ੍ਰਿਸ਼ਟਾਂਤਿਕ ਹੈ? ਇਉਂ ਮਹਿਸੂਸ ਹੋਣ ਲੱਗਦਾ ਹੈ ਕਿ ਜਿਵੇਂ ਸਾਰਾ ਕੁਝ ਸਾਹਮਣੇ ਵਾਪਰ ਰਿਹਾ ਹੈ। ਇੱਕ ਫ਼ੌਜੀ ਕਿਵੇਂ ਬਣ ਠਣ ਕੇ ਰਹਿੰਦਾ ਹੈ, ਆਪਣੇ ਪਿਤਾ ਦਰਸ਼ਨ ਸਿੰਘ ਰਾਹੀਂ ਦਰਸਾਇਆ ਗਿਆ ਹੈ। 70% ਪ੍ਰੇਮ ਕਥਾ ਦਾ ਭਾਵ ਨਾਵਲਕਾਰ/ਜੀਵਨੀਕਾਰ ਦਾ 70% ਪਿਆਰ ਆਪਣੇ ਪਰਿਵਾਰ ਨਾਲ ਹੈ। ਇਨਸਾਨ ਦੇ ਸਰੀਰ ਵਿੱਚ ਵੀ 70% ਪਾਣੀ ਹੁੰਦਾ ਹੈ। ਪਿਤਾ ਦਾ ਫ਼ੌਜੀ ਜੀਵਨ ਦੇਸ਼ ਭਗਤੀ ਦਾ ਨਮੂਨਾ ਹੈ ਪ੍ਰੰਤੂ ਇਸ ਦੇ ਨਾਲ ਹੀ ਉਸ ਦੇ ਪਿਤਾ ਦਾ ਸ਼ਰਾਬ ਪੀਣਾ ਅਤੇ ਦੋਸਤਾਂ ਮਿੱਤਰਾਂ ਨੂੰ ਸ਼ਰਾਬ ਪਿਲਾਉਣਾ ਪਿੰਡਾਂ ਵਿੱਚ ਆਮ ਵੇਖਿਆ ਜਾਂਦਾ ਹੈ। ਮੁਫ਼ਤਖ਼ੋਰੇ ਸ਼ਰਾਬ ਪੀਣ ਵਾਲੇ ਪਿਅਕੜ ਅਜਿਹੇ ਵਿਅਕਤੀਆਂ ਦੇ ਅੱਗੇ ਪਿੱਛੇ ਫਿਰਦੇ ਰਹਿੰਦੇ ਹਨ। ਸ਼ਰਾਬੀਆਂ ਦੇ ਪਰਿਵਾਰਾਂ ਦੀ ਦੁਰਦਸ਼ਾ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕੀਤੀ ਹੈ। ਸ਼ਰਾਬੀ ਆਪਣੀਆਂ ਜ਼ਮੀਨਾਂ ਸ਼ਰਾਬ ਦੀ ਭੇਂਟ ਚੜ੍ਹਾ ਦਿੰਦੇ ਹਨ। ਜੱਟਾਂ ਦਾ ਜ਼ਮੀਨ ਜਾਇਦਾਦ ਪਿੱਛੇ ਲੜਨਾ ਤੇ ਪਰਿਵਾਰਾਂ ਦੇ ਜ਼ਮੀਨਾਂ ਦੇ ਝਗੜੇ ਤੇ ਵੱਟਾਂ ਪਿੱਛੇ ਲੜਨਾ ਬਹੁਤ ਵਧੀਆ ਢੰਗ ਨਾਲ ਦਰਸਾਏ ਹਨ। ਪੰਜਾਬ ਪੁਲਿਸ ਦੇ ਕਿਰਦਾਰ ਨੂੰ ਵੀ ਬਾਖ਼ੂਬੀ ਦਰਸਾਇਆ ਹੈ। ਉਪਜਾਊ ਜ਼ਮੀਨਾਂ ਵਿੱਚ ਕਾਲੋਨੀਆਂ ਦਾ ਉਸਰਨਾਂ ਤੇ ਕੁਦਰਤ ਨਾਲ ਰੁੱਖ ਵੱਢਕੇ ਖਿਲਵਾੜ ਕਰਨਾ ਵੀ ਪੰਜਾਬੀਆਂ ਦੀ ਮਾਨਸਿਕਤਾ ਦਾ ਹਿੱਸਾ ਹੈ। ਚਰਨ ਕੌਰ ਦਾ ਸ਼ਰਾਬੀ ਪਤੀ ਦੀ ਮੌਤ ਤੋਂ ਬਾਅਦ ਪਤੀ ਦੀ ਯਾਦ ਨੇ ਸਤਾਉਣਾ ਔਰਤਾਂ ਦੀ ਮਾਨਸਿਕਤਾ ਦਾ ਪ੍ਰਤੀਕ ਹੈ, ਭਾਵੇਂ ਮਰਦ ਕਿਤਨਾ ਵੀ ਕਰੂਰ ਹੋਵੇ, ਪਤਨੀ ਮੋਹ ਵਿੱਚ ਭਿੱਜੀ ਰਹਿੰਦੀ ਹੈ। ਕੁੱਟ ਖਾਂਦੀ ਰਹਿੰਦੀ ਹੈ ਤਾਂ ਜੋ ਪਰਿਵਾਰ ਪਾਲਿਆ ਜਾ ਸਕੇ। ਪੁਰਾਣੇ ਸਮੇਂ ਬਿਮਾਰੀ ਠਿਮਾਰੀ ਵਿੱਚ ਅਫੀਮ ਦੀ ਵਰਤੋਂ ਆਮ ਕੀਤੀ ਜਾਂਦੀ ਸੀ। ਦਰਸ਼ਨ ਸਿੰਘ ਨੂੰ ਰਖੜਾ ਸ਼ੂਗਰ ਮਿਲ ਵਿੱਚ ਖੁਦਗਰਜ਼ ਵਿਅਕਤੀ ਵੱਲੋਂ ਉਸ ਦੇ ਇਮਾਨਦਾਰ ਅਤੇ ਨੌਕਰੀ ਪ੍ਰਤੀ ਬਚਨਵੱਧ ਹੋਣ ਦੇ ਬਾਵਜੂਦ ਪੁਲਿਸ ਕੇਸ ਬਣਾਕੇ ਨੌਕਰੀ ਵਿੱਚੋਂ ਕਢਵਾਉਣਾ ਪੁਲਿਸ ਅਤੇ ਬੇਈਮਾਨ ਲੋਕਾਂ ਦੀ ਮਾਨਸਿਕਤਾ ਨੂੰ ਦਰਸਾਉਂਦਾ ਹੈ। ਇਮਾਨਦਾਰ ਵਿਅਕਤੀਆਂ ਨੂੰ ਸ਼ਾਜ਼ਸ਼ਾਂ ਨਾਲ ਨਿੱਜੀ ਹਿੱਤਾਂ ਦੀ ਪੂਰਤੀ ਲਈ ਬਦਨਾਮ ਕੀਤਾ ਜਾਂਦਾ ਹੈ। ਇਸ ਦੇ ਨਾਲ ਰਾਜਨੀਤਕ ਦਖ਼ਲਅੰਦਾਜ਼ੀ ਬਾਰੇ ਵੀ ਦੱਸਿਆ ਹੈ। ਦਰਸ਼ਨ ਸਿੰਘ ਫ਼ੌਜ ਤੇ ਰਖੜਾ ਮਿਲ ਵਿੱਚ ਨੌਕਰੀ ਕਰਦਾ ਘਰੋਂ ਬਾਹਰ ਰਿਹਾ, ਇਸ ਨਾਵਲਕਾਰ/ਜੀਵਨੀ ਵਿੱਚ ਦਰਸ਼ਨ ਸਿੰਘ ਦੀ ਪਤਨੀ ਦਾ ਇਕੱਲਿਆਂ ਆਪਣੇ ਛੋਟੇ ਬੱਚਿਆਂ ਨਾਲ ਡਰ ਦੇ ਵਾਤਾਵਰਨ ਵਿੱਚ ਰਹਿਣਾ ਸਮਾਜਿਕ ਤਾਣੇ ਬਾਣੇ ਦੀ ਮੂੰਹ ਬੋਲਦੀ ਤਸਵੀਰ ਹੈ। ਕਿਸ ਪ੍ਰਕਾਰ ਚਰਨ ਕੌਰ ਦਰਵਾਜ਼ਿਆਂ ਦੀਆਂ ਵਿਰਲਾਂ ਬੰਦ ਕਰਕੇ ਸੌਂਦੀ ਸੀ ਤਾਂ ਜੋ ਕਿਸੇ ਨੂੰ ਪਤਾ ਨਾ ਲੱਗ ਸਕੇ ਕਿ ਘਰ ਵਿੱਚ ਇਕੱਲੀ ਇਸਤਰੀ ਹੈ। ਇਹ ਦੁਖਾਂਤ ਉਹ 43 ਸਾਲ ਬਰਦਾਸ਼ਤ ਕਰਦੀ ਰਹੀ। ਔਰਤ ਨੂੰ ਕੰਧਾਂ ਤੋਂ ਵੀ ਡਰ ਲਗਦਾ ਰਹਿੰਦਾ ਹੈ। ਬੱਚੇ ਪਾਲਣ ਲਈ ਚਰਨ ਕੌਰ ਦੀ ਜਦੋਜਹਿਦ ਸੁਚੱਜੇ ਢੰਗ ਨਾਲ ਲਿਖੀ ਗਈ ਹੈ। ਲੇਖਕ ਦਾ ਆਪਣੇ ਮਾਂ ਬਾਪ ਨਾਲ ਪਿਆਰ ਅਤੇ ਬਜ਼ੁਰਗਾਂ ਦਾ ਬੁਢਾਪੇ ਵਿੱਚ ਅਣਡਿਠ ਹੋਣਾ ਵੀ ਚਿੰਤਾ ਦਾ ਵਿਸ਼ਾ ਬਣਿਆਂ ਰਿਹਾ। ਜੇ ਇਹ ਕਹਿ ਲਿਆ ਜਾਵੇ ਕਿ ਜਸਵੀਰ ਸਿੰਘ ਰਾਣਾ ਨੇ ਨਾਵਲ/ਜੀਵਨੀ ਭਾਵੇਂ ਆਪਣੇ ਕੁਨਬੇ ਬਾਰੇ ਲਿਖੀ ਹੈ ਪ੍ਰੰਤੂ ਇਸ ਨੂੰ ਲੇਖਕ ਨੇ ਲੋਕਾਈ ਦੀ ਬਣਾ ਦਿੱਤਾ ਹੈ ਤਾਂ ਇਸ ਵਿੱਚ ਕੋਈ ਅਤਕਥੀ ਨਹੀਂ। ਇਹ ਇੱਕ ਪਰਿਵਾਰ ਦੀ ਨਹੀਂ ਲੱਗਦੀ ਸਗੋਂ ਸਮੁੱਚੇ ਦਿਹਾਤੀ ਲੋਕਾਂ ਦੀ ਜ਼ਿੰਦਗੀ ਦੀ ਜਦੋਜਹਿਦ ਦੀ ਤਸਵੀਰ ਹੈ। ਲੇਖਕ ਨੇ ਆਮ ਲੋਕਾਂ ਦੀ ਸਮਝ ਵਿੱਚ ਆਉਣ ਵਾਲੀ ਬਹੁਤ ਹੀ ਸਰਲ ਤੇ ਸਾਦਾ ਬੋਲੀ ਵਿੱਚ ਲਿਖਕੇ ਕਮਾਲ ਕਰ ਦਿੱਤੀ ਹੈ। ਸਦਅਤ ਹਸਨ ਮੰਟੋ ਦੀ ਤਰ੍ਹਾਂ ਪਿੰਡਾਂ ਵਿੱਚ ਜਿਵੇਂ ਵਾਪਰਦਾ ਹੈ, ਹੂਬਹੂ ਉਸੇ ਤਰ੍ਹਾਂ ਚਿਤਰ ਦਿੱਤਾ ਗਿਆ ਹੈ। ਉਸ ਸਮੇਂ ਮੰਟੋ ਦੇ ਸਮਕਾਲੀ ਕਹਿੰਦੇ ਸਨ ਕਿ ਉਹ ਕੂੜ ਕਬਾੜ ਲਿਖ ਦਿੰਦਾ ਹੈ, ਇਹ ਸਾਹਿਤ ਨਹੀਂ ਹੋ ਸਕਦਾ ਪ੍ਰੰਤੂ ਅੱਜ ਤੱਕ ਉਸਦੀਆਂ ਰਚਨਾਵਾਂ ਨੂੰ ਬਿਹਤਰੀਨ ਗਿਣਿਆਂ ਜਾਂਦਾ ਹੈ। ਬਿਲਕੁਲ ਉਸੇ ਤਰ੍ਹਾਂ ਜਸਵੀਰ ਸਿੰਘ ਰਾਣਾ ਨੇ ਜੋ ਲਿਖਿਆ ਹੈ? ਉਸ ਦਾ ਮੁੱਲ ਜ਼ਰੂਰ ਪਵੇਗਾ।

ਉਜਾਗਰ ਸਿੰਘ

   ਮੋਬਾਈਲ-94178 13072

   ujagarsingh48@yahoo.com

Leave a Reply

Your email address will not be published. Required fields are marked *