ਰਾਜਪਾਲ ਵਲੋਂ ਸਰਹੱਦੀ ਜ਼ਿਲ੍ਹਿਆਂ ਦਾ ਦੌਰਾ ਸ਼ੁਰੂ

ਜਲਾਲਾਬਾਦ : ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸਰਹੱਦੀ ਜ਼ਿਲ੍ਹਿਆਂ ਦੇ ਆਪਣੇ 4 ਦਿਨਾਂ ਦੌਰੇ ਦੀ ਇੱਥੋਂ ਸੁਰੂਆਤ ਕਰਦਿਆਂ ਅੱਜ ਆਖਿਆ ਹੈ ਕਿ ਸੂਬੇ ਦੇ 6 ਸਰਹੱਦੀ ਜ਼ਿਲ੍ਹਿਆਂ ‘ਚ ‘ਪਿੰਡ ਸੁਰੱਖਿਆ ਕਮੇਟੀਆਂ’ ਦਾ ਗਠਨ ਕੀਤਾ ਜਾ ਚੁੱਕਾ ਹੈ। ਉਨ੍ਹਾਂ ਨੇ ਇਨ੍ਹਾਂ ਕਮੇਟੀਆਂ ਵੱਲੋਂ ਸਰਹੱਦੀ ਖੇਤਰਾਂ ‘ਚ ਜਨ ਜਾਗਰੂਕਤਾ ‘ਚ ਨਿਭਾਈ ਜਾ ਰਹੀ ਭੂਮਿਕਾ ਦੀ ਸਲਾਘਾ ਕਰਦਿਆਂ ਆਖਿਆ ਹੈ ਕਿ ਹਰੇਕ ਕਮੇਟੀ ਤੋਂ ਮੈਂਬਰਾਂ ਦਾ ਰਾਜ ਭਵਨ ਨਾਲ ਸਿੱਧਾ ਸੰਪਰਕ ਸਥਾਪਿਤ ਕੀਤਾ ਜਾਵੇਗਾ ਤਾਂ ਜੋ ਉਹ ਸਰਹੱਦੀ ਖੇਤਰਾਂ ਦੀਆਂ ਮੁਸ਼ਕਲਾਂ ਅਤੇ ਸਮਰੱਥਾਵਾਂ ਨੂੰ ਉਹ ਹੋਰ ਬਿਹਤਰ ਤਰੀਕੇ ਨਾਲ ਜਾਣ ਸਕਣ।

ਭਾਰਤ-ਪਾਕਿ ਸਰਹੱਦ ਦੇ ਬਿਲਕੁਲ ਨਾਲ ਵਸੇ ਪਿੰਡ ਜੋਧਾ ਭੈਣੀ ‘ਚ ਜ਼ਿਲ੍ਹੇ ਦੇ ਪਿੰਡ ਸੁਰੱਖਿਆ ਕਮੇਟੀਆਂ ਦੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਰਾਜਪਾਲ ਗੁਲਾਬ ਚੰਦ ਕਟਾਰੀਆਂ ਨੇ ਕਮੇਟੀ ਮੈਂਬਰਾਂ ਨੂੰ ਦੇਸ਼ ਵਿਰੋਧੀ ਤਾਕਤਾਂ ਖ਼ਿਲਾਫ਼ ਲਾਮਬੰਦ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਪਿੰਡ ਸੁਰੱਖਿਆ ਕਮੇਟੀਆਂ ਦੀ ਮਹੀਨੇ ‘ਚ ਘੱਟੋ-ਘੱਟ ਇਕ ਵਾਰ ਬੈਠਕ ਜ਼ਰੂਰ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਹਰੇਕ ਪਿੰਡ ਦੀ ਸੁਰੱਖਿਆ ਕਮੇਟੀ ਲਈ ਇਕ ਅਧਿਕਾਰੀ ਨੂੰ ਨੋਡਲ ਅਫ਼ਸਰ ਵਜੋਂ ਤਾਇਨਾਤ ਕੀਤਾ ਜਾਵੇਗਾ ਤਾਂ ਜੋ ਲੋਕਾਂ ਅਤੇ ਪ੍ਰਸ਼ਾਸਨ ਵਿਚਕਾਰ ਬਿਹਤਰ ਤਾਲਮੇਲ ਯਕੀਨੀ ਬਣਾਇਆ ਜਾ ਸਕੇ। ਰਾਜਪਾਲ ਨੇ ਕਿਹਾ ਕਿ ਗੁਆਂਢੀ ਮੁਲਕ ਨੇ ਹੁਣ ਜਾਣ ਲਿਆ ਹੈ ਕਿ ਉਹ ਭਾਰਤ ਦਾ ਟਾਕਰਾ ਕਰਨ ਦੀ ਸਮੱਰਥਾ ਨਹੀਂ ਰੱਖਦਾ।

ਇਸ ਲਈ ਉਹ ਕੋਝੀਆਂ ਹਰਕਤਾਂ ਕਰਦਾ ਹੈ ਅਤੇ ਡਰੋਨਾਂ ਨਾਲ ਨਸ਼ੇ ਭੇਜਣ ਦੀ ਕੋਸ਼ਿਸ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਪਿੰਡ ਸੁਰੱਖਿਆ ਕਮੇਟੀਆਂ ਅਜਿਹੇ ਮਾੜੇ ਅਨਸਰਾਂ ਖ਼ਿਲਾਫ਼ ਜਿੱਥੇ ਜਾਗਰੂਕਤਾ ਦਾ ਕੰਮ ਕਰਦੀਆਂ ਹਨ, ਉੱਥੇ ਹੀ ਇਹ ਕਮੇਟੀਆਂ ਮਾੜੇ ਅਨਸਰਾਂ ਸਬੰਧੀ ਸੂਚਨਾ ਵੀ ਪੁਲਸ ਅਤੇ ਬੀ. ਐੱਸ. ਐੱਫ. ਨੂੰ ਉਪਲਬੱਧ ਕਰਵਾਉਂਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਸ ਤਰਾਂ ਦੀਆਂ ਸੂਚਨਾਵਾਂ ਦੇਣ ਵਾਲੇ ਲੋਕਾਂ ਨੂੰ ਯੋਗ ਸਨਮਾਨ ਦਿੱਤਾ ਜਾਵੇਗਾ।

ਨਸ਼ੇ ਵਰਗੀਆਂ ਸਮਾਜਿਕ ਬੁਰਾਇਆਂ ਖ਼ਿਲਾਫ਼ ਉਨ੍ਹਾਂ ਨੇ ਸਾਂਝੇ ਯਤਨ ਕਰਨ ਦਾ ਸੱਦਾ ਦਿੰਦਿਆਂ ਆਖਿਆ ਕਿ ਜੇਕਰ ਸਾਰਾ ਸਮਾਜ ਇੱਕਮੁੱਠ ਹੋ ਕੇ ਕੰਮ ਕਰੇਗਾ ਤਾਂ ਅਸੀਂ ਹਰ ਪਾਸੇ ਜਿੱਤ ਦਰਜ ਕਰਾਂਗੇ। ਇਸ ਮੌਕੇ ਉਨ੍ਹਾਂ ਨੇ ਪਿੰਡਾਂ ਵਿਚ ਨੌਜਵਾਨਾ ਨੂੰ ਵੱਖ-ਵੱਖ ਉਸਾਰੂ ਗਤੀਵਿਧੀਆਂ ਵਿਚ ਜੋੜਨ ਦਾ ਸੱਦਾ ਵੀ ਦਿੱਤਾ। ਇਸ ਤੋਂ ਪਹਿਲਾਂ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ, ਅਬੋਹਰ ਦੇ ਵਿਧਾਇਕ ਸੰਦੀਪ ਜਾਖੜ ਨੇ ਵੀ ਸੰਬੋਧਨ ਕੀਤਾ ਅਤੇ ਪਿੰਡ ਸੁਰੱਖਿਆ ਕਮੇਟੀਆਂ ਦੇ ਮੈਂਬਰਾਂ ਨੇ ਵੀ ਆਪਣੀ ਗੱਲ ਰਾਜਪਾਲ ਸਾਹਮਣੇ ਰੱਖੀ।

Leave a Reply

Your email address will not be published. Required fields are marked *