ਚੰਡੀਗੜ੍ਹ – ਪੰਜਾਬ ਤੇ ਹਰਿਆਣਾ ਦੇ ਸ਼ੰਭੂ ਬਾਰਡਰ ’ਤੇ ਫਰਵਰੀ ਤੋਂ ਸੜਕ ’ਤੇ ਬੈਠੇ ਕਿਸਾਨਾਂ ਦੀਆਂ ਮੰਗਾਂ ’ਤੇ ਵਿਚਾਰ ਕਰਨ ਲਈ ਚੰਡੀਗੜ੍ਹ ਦੇ ਹਰਿਆਣਾ ਨਿਵਾਸ ’ਚ ਸੋਮਵਾਰ ਨੂੰ ਅਹਿਮ ਬੈਠਕ ਹੋਈ। ਮੀਟਿੰਗ ਦੀ ਪ੍ਰਧਾਨਗੀ ਸੁਪਰੀਮ ਕੋਰਟ ਵੱਲੋਂ ਗਠਿਤ ਕਮੇਟੀ ਦੇ ਚੇਅਰਮੈਨ ਸਾਬਕਾ ਜੱਜ ਨਵਾਬ ਸਿੰਘ ਨੇ ਕੀਤੀ। ਬੈਠਕ ’ਚ ਕਿਸਾਨ ਅੰਦੋਲਨ ਦੇ ਪ੍ਰਮੁੱਖ ਚਿਹਰੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਸ਼ਾਮਲ ਨਹੀਂ ਹੋਏ ਪਰ ਡੱਲੇਵਾਲ ਗਰੁੱਪ ਦੇ ਕਈ ਆਗੂ ਮੌਜੂਦ ਸਨ। ਦੱਸਿਆ ਗਿਆ ਕਿ ਪੰਧੇਰ ਨੇ ਪਹਿਲਾਂ ਹੀ ਮੀਟਿੰਗ ’ਚ ਆਉਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਜਗਜੀਤ ਸਿੰਘ ਡੱਲੇਵਾਲ ਸਿਹਤ ਠੀਕ ਨਾ ਹੋਣ ਕਾਰਨ ਮੀਟਿੰਗ ’ਚ ਸ਼ਾਮਲ ਨਹੀਂ ਹੋ ਸਕੇ।
ਬੈਠਕ ’ਚ ਕਿਸਾਨ ਆਗੂਆਂ ਨੇ ਇਕ ਵਾਰ ਮੁੜ ਕੇਂਦਰ ਸਰਕਾਰ ਨੂੰ ਸੌਂਪੀਆਂ ਗਈਆਂ 12 ਸੂਤਰੀ ਮੰਗਾਂ ਰੱਖੀਆਂ ਤੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਉਦੋਂ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਨੇ ਸਪੱਸ਼ਟ ਕਿਹਾ ਕਿ ਉਨ੍ਹਾਂ ਦੀ ਦਿੱਲੀ ਕੂਚ ਕਰਨ ਦੀ ਯੋਜਨਾ ਅਜੇ ਬਰਕਰਾਰ ਹੈ। ਸੂਤਰਾਂ ਮੁਤਾਬਕ ਕਿਸਾਨ ਆਗੂ ਡੱਲੇਵਾਲ ਨੇ ਆਉਣ ਵਾਲੇ ਲੋਕ ਸਭਾ ਇਜਲਾਸ ਦੌਰਾਨ ਭੁੱਖ ਹੜਤਾਲ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਕਿਸਾਨ ਜਥੇਬੰਦੀਆਂ ਨਾਲ ਬੈਠਕ ’ਚ ਹਰਿਆਣਾ ਦੇ ਡੀ.ਜੀ.ਪੀ. ਸ਼ਤਰੂਜੀਤ ਕਪੂਰ, ਗ੍ਰਹਿ ਵਿਭਾਗ ਦੀ ਸਕੱਤਰ ਰੇਨੂੰ ਫੂਲੀਆ, ਅੰਬਾਲਾ ਰੇਂਜ ਦੇ ਆਈ. ਜੀ. ਸਿਬਾਸ ਕਵੀਰਾਜ, ਅੰਬਾਲਾ ਦੇ ਐੱਸ. ਪੀ. ਸੁਰਿੰਦਰ ਭੌਰੀਆ, ਪੰਜਾਬ ਦੇ ਗ੍ਰਹਿ ਸਕੱਤਰ ਗੁਰਕੀਰਤ ਕ੍ਰਿਪਾਲ ਸਿੰਘ, ਡੀ.ਜੀ.ਪੀ. ਗੌਰਵ ਯਾਦਵ ਸਮੇਤ ਦੋਵੇਂ ਸੂਬਿਆਂ ਦੇ ਕਈ ਅਫ਼ਸਰ ਸ਼ਾਮਲ ਸਨ।