ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇਅ ‘ਤੇ ਦਿਨ ਰਾਤ ਦਾ ਪੱਕਾ ਮੋਰਚਾ ਜਾਰੀ

ਭਵਾਨੀਗੜ੍ਹ : ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ ਦੀ ਅਗਵਾਈ ਹੇਠ ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇ ‘ਤੇ ਪੈਂਦੇ ਕਾਲਾਝਾੜ ਟੋਲ ਪਲਾਜ਼ਾ ਨੂੰ ਪਰਚੀ ਮੁਕਤ ਕਰਕੇ ਲਾਇਆ ਹੋਇਆ ਪੱਕਾ ਮੋਰਚਾ ਸੋਮਵਾਰ ਨੂੰ 19ਵੇਂ ਦਿਨ ਵੀ ਜਾਰੀ ਰਿਹਾ। ਇਸ ਮੌਕੇ ਜਥੇਬੰਦੀ ਦੇ ਸੂਬਾ ਸਕੱਤਰ ਜਗਤਾਰ ਸਿੰਘ ਕਾਲਾਝਾੜ, ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ, ਹਰਜੀਤ ਸਿੰਘ ਮਹਿਲਾ, ਜਸਵੀਰ ਸਿੰਘ ਗੱਗੜਪੁਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਝੋਨੇ ‘ਚ ਨਮੀ ਦੇ ਨਾਮ ‘ਤੇ 126 ਕਿਸਮ ਅਤੇ ਬਾਸਮਤੀ ਕਿਸਮਾਂ ਦੀ ਲੁੱਟ ਵੱਡੇ ਪੱਧਰ ਤੇ ਕੀਤੀ ਗਈ ਹੈ। ਕਿਸਾਨ ਆਗੂਆਂ ਨੇ ਮੰਗ ਕੀਤੀ ਝੋਨਾ ਵੇਚਣ ਵੇਲੇ ਕਿਸਾਨਾਂ ਨੂੰ ਜੋ ਘਾਟਾ ਪਿਆ ਹੈ ਸਰਕਾਰ ਉਸਦੀ ਪੂਰਤੀ ਕਰੇ ਜਿਹੜੇ ਕਿਸਾਨਾਂ ਨੂੰ ਐੱਮ.ਐੱਸ.ਪੀ ਤੋਂ ਰੇਟ ਘੱਟ ਮਿਲਿਆ ਉਹ ਪਿੰਡ ਇਕਾਈਆਂ ਨਾਲ ਸੰਪਰਕ ਕਰਨ ਤਾਂ ਜ਼ੋ ਕਿਸਾਨਾਂ ਨੂੰ ਪਏ ਘਾਟੇ ਦੀ ਪੂਰਤੀ ਕਰਵਾਈ ਜਾਂ ਸਕੇ। ਜ਼ੋ ਝੋਨਾ ਮੰਡੀਆਂ ਵਿੱਚ ਪਿਆ ਹੈ ਅਤੇ ਖੇਤ ਵਿਚ ਖੜ੍ਹਾ ਹੈ ਉਹ ਬਿਲਕੁਲ ਸੁੱਕਾ ਹੈ, ਇਸ ਕਰਕੇ ਇਸ ਤੇ ਨਮੀ ਦੀ ਸ਼ਰਤ ਖ਼ਤਮ ਕੀਤੀ ਜਾਵੇ, ਦਾਗੀ ਦਾਣਿਆਂ ਦੀ ਸ਼ਰਤ ਖ਼ਤਮ ਕੀਤੀ ਜਾਵੇ, ਨਵੇਂ ਚੌਲਾਂ ਦੀ ਸਟੋਰੇਜ ਲਈ ਪੁਰਾਣੇ ਚੌਲਾਂ ਦੀ ਲਿਫਟਿੰਗ ਤੇਜ਼ੀ ਨਾਲ ਕੀਤੀ ਜਾਵੇ, ਲਾਲ ਐਂਟਰੀਆਂ ਕਰਨ ਦਾ ਜਬਰ ਸਿਲਸਿਲਾ ਖਤਮ ਕੀਤਾ ਜਾਵੇ, ਮੰਡੀ ਮਜ਼ਦੂਰਾਂ ਦੀ ਮਜ਼ਦੂਰੀ ਨੂੰ ਉਨ੍ਹਾਂ ਦੀ ਮੰਗ ਅਨੁਸਾਰ ਮਿਥਿਆ ਜਾਵੇ ਅਤੇ ਹੱਕੀ ਮੰਗਾਂ ਵੀ ਮੰਨੀਆਂ ਜਾਣ। ਪਰਾਲੀ ਦੇ ਨਿਪਟਾਰੇ ਵਾਸਤੇ ਕਿਸਾਨਾਂ ਨੂੰ 200 ਰੁਪਏ ਪ੍ਰਤੀ ਕੁਇੰਟਲ ਬੋਨਸ ਦਿੱਤਾ ਜਾਵੇ, ਡੀ ਏ ਪੀ ਦੀ ਕਮੀ ਜਲਦੀ ਦੂਰ ਕੀਤੀ ਜਾਵੇ, ਜੋ ਕਿਸਾਨਾਂ ਵੱਲੋਂ ਰੇਅ ਸਪਰੇਅ ਦਵਾਈਆਂ ਖਾਦਾਂ ਵਰਤੀਆਂ ਜਾਂਦੀਆਂ ਹਨ ਉਨ੍ਹਾਂ ਨੂੰ ਚੈੱਕ ਕਰਨ ਵਾਸਤੇ ਸਰਕਾਰ ਲੈਬੋਟਰੀਆਂ ਦਾ ਪ੍ਰਬੰਧ ਕਰੇ ਤਾਂ ਜ਼ੋ ਕਿਸਾਨਾਂ ਦੀ ਲੁੱਟ ਨਾ ਹੋ ਸਕੇ।

Leave a Reply

Your email address will not be published. Required fields are marked *