ਖੇਤਾਂ ‘ਚ ਲਾਈ ਅੱਗ ਬੁਝਾਉਣ ਆਏ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੂੰ ਕਿਸਾਨਾਂ ਨੇ ਬਣਾਇਆ ਬੰਦੀ

ਪਟਿਆਲਾ/ਨਾਭਾ – : ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਕਿਸਾਨਾਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਜੇਕਰ ਕੋਈ ਪਰਾਲੀ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਂਦਾ ਹੈ ਤਾਂ ਉਸ ਖ਼ਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮਾਮਲਾ ਨਾਭਾ ਬਲਾਕ ਦੇ ਪਿੰਡ ਤੂੰਗਾ ਦਾ ਸਾਹਮਣੇ ਆਇਆ ਹੈ, ਜਿੱਥੇ ਪਿੰਡ ਦੇ ਖੇਤਾਂ ਵਿਚ ਕਿਸਾਨ ਵੱਲੋਂ ਪਰਾਲੀ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਈ ਸੀ। ਅੱਗ ਲਗਾਉਣ ਦੀ ਘਟਨਾ ਸਬੰਧੀ ਜਦੋਂ ਫਾਇਰ ਬ੍ਰਿਗੇਡ ਦਸਤੇ ਨੂੰ ਇਸ ਬਾਬਤ ਪਤਾ ਲੱਗਾ ਤਾਂ ਉਹ ਪਿੰਡ ਤੂੰਗਾ ਵਿਖੇ ਫਾਇਰ ਬ੍ਰਿਗੇਡ ਦਸਤੇ ਨਾਲ ਖੇਤਾਂ ਵਿਚ ਲੱਗੀ ਪਰਾਲੀ ਦੀ ਅੱਗ ਬੁਝਾਉਣ ਲਈ ਪਹੁੰਚ ਗਏ। ਇਸ ਦੌਰਾਨ ਕਿਸਾਨਾਂ ਵੱਲੋਂ ਫਾਇਰ ਬ੍ਰਿਗੇਡ ਦੇ ਦਸਤੇ ਦਾ ਰਸਤਾ ਰੋਕ ਕੇ ਉਨ੍ਹਾਂ ਨੂੰ ਦੋ ਘੰਟੇ ਲਈ ਬੰਦੀ ਬਣਾਈ ਰੱਖਿਆ। ਫਾਇਰ ਕਰਮਚਾਰੀ ਦੀ ਗੱਡੀ ਦੇ ਪਿੱਛੇ ਟਰਾਲੀ ਲਗਾ ਦਿੱਤੀ ਅਤੇ ਸਾਹਮਣੇ ਵਾਲੇ ਪਾਸੇ ਕਿਸਾਨ ਦਰੀਆਂ ਵਿਛਾ ਕੇ ਬੈਠ ਗਏ।

ਇਸ ਉਪਰੰਤ ਜਦੋਂ ਇਸ ਘਟਨਾ ਸਬੰਧੀ ਪੁਲਸ ਨੂੰ ਸੂਚਨਾ ਮਿਲੀ ਤਾਂ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਫਾਇਰ ਕਰਮਚਾਰੀਆਂ ਅਤੇ ਫਾਇਰ ਦਸਤੇ ਨੂੰ ਕਿਸਾਨਾਂ ਦੇ ਚੁੰਗਲ ‘ਚੋਂ ਛਡਵਾਇਆ। ਇਸ ਸਬੰਧੀ ਜਦੋਂ ਫਾਇਰ ਕਰਮਚਾਰੀ ਲਵਪ੍ਰੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅੱਗੇ ਤੋਂ ਅਸੀਂ ਅੱਗ ਬੁਝਾਉਣ ਤਾਂ ਹੀ ਜਾਵਾਂਗੇ ਜੇਕਰ ਸਾਡੇ ਨਾਲ ਪੁਲਸ ਪ੍ਰਸ਼ਾਸਨ ਹੋਵੇਗਾ। ਸਾਨੂੰ ਕਿਸਾਨਾਂ ਵੱਲੋਂ ਤਕਰੀਬਨ ਦੋ ਘੰਟੇ ਬੰਧਕ ਬਣਾ ਕੇ ਰੱਖਿਆ ਗਿਆ। ਇਸ ਵਿਚ ਸਾਡਾ ਕੀ ਕਸੂਰ ਹੈ। ਅਸੀਂ ਤਾਂ ਸਰਕਾਰ ਦੀਆਂ ਹਦਾਇਤਾਂ ਦਾ ਇਨ-ਬਿਨ ਪਾਲਣ ਕਰ ਰਹੇ ਹਾਂ। ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜ਼ਿਲ੍ਹਾ ਆਗੂ ਹਰਮੇਲ ਸਿੰਘ ਤੂੰਗਾ ਨੇ ਕਿਹਾ ਕਿ ਅਸੀਂ ਕਣਕ ਲਗਾਉਣ ਅਤੇ ਸਬਜ਼ੀ ਬੀਜਣ ਲਈ ਥੋੜੇ-ਥੋੜੇ ਖੇਤਾਂ ਵਿਚ ਅੱਗ ਲਗਾਈ ਸੀ। ਸਰਕਾਰ ਵੱਲੋਂ ਤਾਂ ਪਰਾਲੀ ਦੀ ਰਹਿੰਦ-ਖੂਹੰਦ ਨੂੰ ਇਕੱਠਾ ਕਰਨ ਲਈ ਕੋਈ ਸੰਦ ਮੁਹੱਈਆ ਨਹੀਂ ਕਰਵਾ ਗਏ, ਫਿਰ ਮਜਬੂਰੀਵਸ ਅਸੀਂ ਅੱਗ ਲਗਾ ਰਹੇ ਹਾਂ।
ਜ਼ਿਕਰਯੋਗ ਹੈ ਕਿ ਪਰਾਲੀ ਸਾੜਨ ਵਿਚ ਸੂਬੇ ਭਰ ਵਿਚ ਪਟਿਆਲਾ ਜ਼ਿਲ੍ਹਾ ਪੰਜਵੇਂ ਸਥਾਨ ‘ਤੇ ਹੈ। ਜੇਕਰ ਸਮੇਂ ਰਹਿੰਦਿਆ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਖੇਤਾਂ ਦੀ ਨਾੜ ਨੂੰ ਅੱਗ ਲਗਾਉਣ ਤੋਂ ਨਾ ਰੋਕਿਆ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਬਜ਼ੁਰਗਾਂ ਅਤੇ ਬੱਚਿਆਂ ਨੂੰ ਜ਼ਹਿਰੀਲੇ ਧੂੰਏਂ ਕਾਰਣ ਹੋਣ ਵਾਲੀਆਂ ਭਿਆਨਕ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਹੁਣ ਇਹ ਵੇਖਣਾ ਹੋਵੇਗਾ ਕਿ ਅਜਿਹੇ ਮਾਮਲਿਆਂ ਵਿਚ ਪ੍ਰਸ਼ਾਸਨ ਹੁਣ ਕਿੰਨੀ ਕੁ ਸਖ਼ਤੀ ਨਾਲ ਪੇਸ਼ ਆਉਂਦਾ ਹੈ।

Leave a Reply

Your email address will not be published. Required fields are marked *