ਵੈਨਕੂਵਰ, ਕੈਨੇਡਾ ਦੀ ਫੈਡਰਲ ਪੁਲੀਸ ਦੇ ਪੱਛਮ ਸਾਹਿਲੀ ਸੰਗਠਨ ਨੇ ਕੈਨੇਡਾ ਵਿੱਚ ਉਤਪਾਦਿਤ ਰਸਾਇਣਕ ਨਸ਼ਿਆਂ ਦੀ ਸੁਪਰ ਲੈਬੋਰਟਰੀ ਦਾ ਪਤਾ ਲਗਾ ਕੇ ਉੱਥੋਂ ਉੱਚ ਦਰਜੇ ਦੇ ਰਸਾਇਣਕ ਨਸ਼ੇ ਜਿਵੇਂ ਫੈਂਟਾਨਾਇਲ ਅਤੇ ਮੇਥਾਮਫੇਟਾਮਾਈਨ ਡਰੱਗ ਦੀ ਵੱਡੀ ਤੇ ਰਿਕਾਰਡ ਖੇਪ ਸਮੇਤ ਵੱਡੀ ਗਿਣਤੀ ਵਿੱਚ ਮਾਰੂ ਹਥਿਆਰ ਬਰਾਮਦ ਕਰਕੇ ਲੈਬ ਦੇ ਸੰਚਾਲਕ ਗੁਰਪ੍ਰੀਤ ਰੰਧਾਵਾ ਨੂੰ ਗ੍ਰਿਫਤਾਰ ਕੀਤਾ ਹੈ। ਪੁਲੀਸ ਦਾ ਦਾਅਵਾ ਹੈ ਕਿ ਇਸ ਕਾਰਵਾਈ ਸਦਕਾ ਕਰੋੜਾਂ ਲੋਕਾਂ ਦਾ ਜਾਨੀ ਬਚਾਅ ਹੋਇਆ ਹੈ ਅਤੇ ਅੰਤਰ-ਰਾਸ਼ਟਰੀ ਸੰਗਠਿਤ ਅਪਰਾਧ ਸਮੂਹ ਨੂੰ ਵੱਡਾ ਝਟਕਾ ਦਿੱਤਾ ਗਿਆ ਹੈ।
ਪੁਲੀਸ ਅਨੁਸਾਰ ਫੜੇ ਗਏ ਨਸ਼ੇ ਦੀ ਮਾਤਰਾ ਨੂੰ ਸਾਢੇ 9 ਕਰੋੜ ਨਸ਼ੇੜੀਆਂ ਤੱਕ ਪਹੁੰਚਣ ਤੋਂ ਪਹਿਲਾਂ ਬੰਨ੍ਹ ਲਾਇਆ ਗਿਆ ਹੈ। ਖੇਤਰੀ ਪੁਲੀਸ ਸਹਾਇਕ ਕਮਿਸ਼ਨਰ ਡੇਵਿਡ ਟੇਬੌਲ ਅਨੁਸਾਰ ਨਸ਼ੇ ਦੀਆਂ ਘਾਤਕ ਖੁਰਾਕਾਂ ਨੂੰ ਕੈਨੇਡਾ ਵਿੱਚ ਵੇਚਿਆ ਅਤੇ ਕਈ ਹੋਰ ਦੇਸ਼ਾਂ ਵਿੱਚ ਬਰਾਮਦ ਕੀਤਾ ਜਾਣਾ ਸੀ ਤੇ ਸ਼ਾਇਦ ਇਹ ਕੰਮ ਲੰਮੇ ਸਮੇਂ ਤੋਂ ਕੀਤਾ ਜਾ ਰਿਹਾ ਸੀ। ਪੁਲੀਸ ਅਧਿਕਾਰੀ ਅਨੁਸਾਰ ਮਾਰੂ ਨਸ਼ਿਆਂ ਅਤੇ ਅਸਲੇ ਦੀ ਇਹ ਵੱਡੀ ਖੇਪ ਹੁਣ ਤੱਕ ਮਾਤਰਾ ਪੱਖੋਂ ਇਕਿ ਰਿਕਾਰਡ ਹੈ। ਵੈਨਕੂਵਰ ਖੇਤਰ ਵਿਚਲੀ ਮੁੱਖ ਲੈਬ ਦੀਆਂ ਕੁਝ ਇਕਾਈਆਂ ਸਰੀ ਅਤੇ ਦੂਰ ਦੂਰਾਡੇ ਦੇ ਹੋਰ ਖੇਤਰਾਂ ਵਿੱਚ ਸਨ। ਫੜੇ ਗਏ ਸਮਾਨ ਦੀ ਬਾਜ਼ਾਰੀ ਕੀਮਤ ਕਰੋੜਾਂ ਡਾਲਰਾਂ ਵਿੱਚ ਆਂਕੀ ਗਈ ਹੈ ਅਤੇ ਭਾਰਤੀ ਰੁਪਏ ਵਿਚ ਇਹ ਅਰਬਾਂ ਰੁਪਏ ਤੱਕ ਪੁੱਜਦੀ ਹੈ।
ਫੜੇ ਗਏ ਨਸ਼ੇ ਤੇ ਹੋਰ ਸਮਾਨ ਬਾਰੇ ਜਾਣਕਾਰੀ ਦਿੰਦਿਆਂ ਪੁਲੀਸ ਅਫਸਰ ਨੇ ਦੱਸਿਆ ਕਿ ਡਰੱਗ ਸੁਪਰਲੈਬ ’ਚੋਂ ਕਈ ਕਿਸਮਾਂ ਦੀਆਂ ਗੈਰ-ਕਾਨੂੰਨੀ ਨਸ਼ੀਲੀਆਂ ਦਵਾਈਆਂ ਜਿਵੇਂ 54 ਕਿਲੋਗ੍ਰਾਮ ਫੈਂਟਾਨਿਲ, 390 ਕਿਲੋਗ੍ਰਾਮ ਮੈਥਾਫੇਟਾਮਾਈਨ, 35 ਕਿਲੋ ਕੋਕੀਨ, 15 ਕਿਲੋ ਐਮਡੀਐਮਏ ਅਤੇ 6 ਕਿਲੋ ਭੰਗ ਦੇ ਨਾਲ ਕੁੱਲ 89 ਹਥਿਆਰ ਜ਼ਬਤ ਕੀਤੇ ਹਨ। ਫੜੇ ਗਏ ਹਥਿਆਰਾਂ ਵਿੱਚ 45 ਹੈਂਡਗਨ, 21 ਏਅਰ ਸਟਾਇਲ ਰਾਈਫਲਾਂ ਅਤੇ ਸਬ-ਮਸ਼ੀਨ-ਗੰਨਾਂ ਸ਼ਾਮਲ ਹਨ। ਮੌਕੇ ਤੋਂ 5 ਲੱਖ ਡਾਲਰ ਦੀ ਕਰੰਸੀ ਵੀ ਫੜੀ ਗਈ ਹੈ। ਉਨ੍ਹਾਂ ਦੱਸਿਆ ਕਿ ਸੈਂਕੜਿਆਂ ਦੀ ਗਿਣਤੀ ਅਧੁਨਿਕ ਗੋਲੀਸਿੱਕੇ ਸਮੇਤ ਦਰਜਨਾਂ ਬੁਲੇਟ ਪਰੂਫ ਜੈਕਟਾਂ ਤੇ ਹੋਰ ਬਚਾਅ ਉਪਕਰਣ ਵੀ ਬਰਾਮਦ ਕੀਤੇ ਗਏ ਹਨ।
ਜਾਂਚ ਟੀਮ ਦੇ ਇੰਚਾਰਜ ਇੰਸਪੈਕਟਰ ਜਿਲੀਅਨ ਵੈਲਰਡ ਅਨੁਸਾਰ ਫੜੀ ਗਈ ਖੇਪ ਕਾਫੀ ਅਧੁਨਿਕ ਢੰਗ ਨਾਲ ਤਿਆਰ ਕੀਤੀ ਜਾਂਦੀ ਸੀ ਜੋ ਮਨੁੱਖੀ ਸਰੀਰ ਉੱਤੇ ਘਾਤਕ ਅਸਰ ਪਾਉਂਦੀ ਹੈ। ਇਹ ਪੁੱਛੇ ਜਾਣ ’ਤੇ ਕਿ ਪਿਛਲੇ ਸਾਲ ਤੋਂ ਨੌਜੁਆਨਾਂ ਦੀ ਮੌਤਾਂ ਦੀ ਗਿਣਤੀ ਵਿੱਚ ਵਾਧੇ ਦਾ ਕਾਰਨ ਇਹ ਨਸ਼ੇ ਤਾਂ ਨਹੀਂ ਸੀ, ਤਾਂ ਉਨ੍ਹਾਂ ਜਵਾਬ ਦੇਣ ਦੀ ਥਾਂ ਸਿਰ ਹਿਲਾਇਆ। ਐਡਾ ਵੱਡਾ ਨੈਂਟਵਰਕ ਇੱਕ ਵਿਅਕਤੀ ਦਾ ਕੰਮ ਨਾ ਹੋ ਕੇ ਸੰਗਠਿਤ ਟੀਮ ਹੋਣ ਬਾਰੇ ਪੁੱਛੇ ਜਾਣ ’ਤੇ ਪੁਲੀਸ ਅਧਿਕਾਰੀ ਨੇ ‘ਹੋਰ ਜਾਂਚ ਜਾਰੀ ਹੈ ਅਤੇ ਅੱਗੇ ਵੇਖੋ’ ਕਹਿ ਕੇ ਗੱਲ ਖ਼ਤਮ ਕਰ ਦਿੱਤੀ।