ਜੰਮੂ, Jammu Akhnoor Attack: ਸੁਰੱਖਿਆ ਬਲਾਂ ਨੇ ਮੰਗਲਵਾਰ ਦੀ ਸਵੇਰ ਨੂੰ ਅਖਨੂਰ ਸੈਕਟਰ ਦੇ ਇੱਕ ਪਿੰਡ ਨੇੜੇ ਜੰਗਲੀ ਖੇਤਰ ਵਿੱਚ ਛੁਪੇ ਦੋ ਅੱਤਵਾਦੀਆਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜੰਮੂ-ਕਸ਼ਮੀਰ ’ਚ ਕੰਟਰੋਲ ਰੇਖਾ ਨੇੜੇ 27 ਘੰਟੇ ਤੱਕ ਚੱਲੀ ਗੋਲੀਬਾਰੀ ’ਚ ਮਾਰੇ ਗਏ ਅੱਤਵਾਦੀਆਂ ਦੀ ਗਿਣਤੀ ਤਿੰਨ ਹੋ ਗਈ ਹੈ।
ਜ਼ਿਕਰਯੋਗ ਹੈ ਕਿ ਸੋਮਵਾਰ ਦੀ ਸਵੇਰ ਸਾਢੇ ਛੇ ਵਜੇ ਦੇ ਕਰੀਬ ਫੌਜੀ ਕਾਫ਼ਲੇ- ਜੋ ਸੁਰੱਖਿਆ ਬਲਾਂ ਦੀ ਐਂਬੂਲੈਂਸ ਦਾ ਹਿੱਸਾ ਸੀ, ਉੱਤੇ ਅਤਿਵਾਦੀਆਂ ਨੇ ਗੋਲੀਆਂ ਚਲਾਈਆਂ ਸਨ। ਅਧਿਕਾਰੀਆਂ ਨੇ ਦੱਸਿਆ ਕਿ ਫੌਜ ਅਤੇ ਪੁਲੀਸ ਦੀਆਂ ਸਾਂਝੀਆਂ ਟੀਮਾਂ ਵੱਲੋਂ ਬਟਾਲ-ਖੌਰ ਖੇਤਰ ਦੇ ਜੋਗਵਾਨ ਪਿੰਡ ’ਚ ਅਸਨ ਮੰਦਰ ਨੇੜੇ ਅੰਤਿਮ ਹਮਲਾ ਕਰਨ ਤੋਂ ਬਾਅਦ ਮੰਗਲਵਾਰ ਨੂੰ ਦੋ ਘੰਟੇ ਦੇ ਅੰਦਰ-ਅੰਦਰ ਦੂਜੇ ਦੋ ਅੱਤਵਾਦੀ ਮਾਰ ਦਿੱਤੇ ਗਏ। ਉਨ੍ਹਾਂ ਨੇ ਕਿਹਾ ਕਿ ਮੁਕਾਬਲਾ ਖਤਮ ਹੋ ਗਿਆ ਹੈ।
ਇੱਕ ਅਧਿਕਾਰੀ ਨੇ ਕਿਹਾ ਕਿ ਰਾਤ ਦੀ ਲੰਮੀ ਸ਼ਾਂਤੀ ਤੋਂ ਬਾਅਦ, ਸੁਰੱਖਿਆ ਬਲਾਂ ਨੇ ਸਵੇਰੇ 7 ਵਜੇ ਦੇ ਕਰੀਬ ਲੁਕੇ ਹੋਏ ਅੱਤਵਾਦੀਆਂ ਦੇ ਖ਼ਿਲਾਫ਼ ਅੰਤਿਮ ਹਮਲਾ ਕੀਤਾ, ਜਿਸ ਨਾਲ ਇੱਕ ਤਾਜ਼ਾ ਗੋਲੀਬਾਰੀ ਸ਼ੁਰੂ ਕੀਤੀ ਗਈ ਜੋ ਕਿ ਅਤਿਵਾਦੀਆਂ ਨੂੰ ਢੇਰ ਕੀਤੇ ਜਾਣ ਤੱਕ ਜਾਰੀ ਰਹੀ। ਆਪ੍ਰੇਸ਼ਨ ਦੌਰਾਨ ਗੋਲੀ ਲੱਗਣ ਕਾਰਨ ਫੌਜ ਦੇ ਚਾਰ ਸਾਲ ਦੇ ਬਹਾਦਰ ਕੁੱਤੇ ਫੈਂਟਮ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਦੌਰਾਨ ਜਦੋਂ ਕਿ ਲੁਕੇ ਹੋਏ ਅੱਤਵਾਦੀਆਂ ਦਾ ਪਤਾ ਲਗਾਉਣ ਲਈ ਹੈਲੀਕਾਪਟਰ ਅਤੇ ਡਰੋਨ ਵੀ ਤਾਇਨਾਤ ਕੀਤੇ ਗਏ ਸਨ। ਜੰਮੂ ਖੇਤਰ ਵਿੱਚ ਇਹ ਤਾਜ਼ਾ ਮੁਕਾਬਲਾ ਕਸ਼ਮੀਰ ਵਿੱਚ ਅਤਿਵਾਦੀ ਗਤੀਵਿਧੀਆਂ ਵਿੱਚ ਵਾਧੇ ਦੇ ਦੌਰਾਨ ਸਾਹਮਣੇ ਆਇਆ ਹੈ, ਜਿੱਥੇ ਪਿਛਲੇ ਦੋ ਹਫ਼ਤਿਆਂ ਵਿੱਚ ਸੱਤ ਹਮਲੇ ਹੋਏ ਹਨ। ਜਿਸਦੇ ਨਤੀਜੇ ਵਜੋਂ ਦੋ ਸੈਨਿਕਾਂ ਸਮੇਤ 13 ਮੌਤਾਂ ਹੋਈਆਂ ਹਨ।