ਪੰਜਾਬ ਪੁਲਸ ਨੇ 500 ਕਰੋੜ ਦੇ ਨਸ਼ੇ ਨਾਲ ਫੜਿਆ ਕਾਂਗਰਸੀ ਆਗੂ, ਕੈਬਨਿਟ ਮੰਤਰੀ ਨੇ ਕੀਤੇ ਵੱਡੇ ਖ਼ੁਲਾਸੇ

ਚੰਡੀਗੜ੍ਹ- ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੋਂਧ ਵੱਲੋਂ ਚੰਡੀਗੜ੍ਹ ਵਿਖੇ ਅਹਿਮ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਵਿਚ ਨਸ਼ੇ ਦੀ ਰੋਕਥਾਮ ਬਾਰੇ ਗੱਲਬਾਤ ਕਰਦਿਆਂ ਕਾਂਗਰਸ-ਭਾਜਪਾ ‘ਤੇ ਤਿੱਖਾ ਨਿਸ਼ਾਨਾ ਵਿੰਨ੍ਹਿਆ। ਇਸ ਦੌਰਾਨ ਕੈਬਨਿਟ ਮੰਤਰੀ ਦੇ ਨਾਲ ਮਾਰਕਫ਼ੈਡ ਦੇ ਚੇਅਰਮੈਨ ਅਮਨਦੀਪ ਸਿੰਘ ਮੋਹਿਤ ਵੀ ਮੌਜੂਦ ਰਹੇ।
ਇਸ ਦੌਰਾਨ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੋਂਧ ਨੇ ਪਹਿਲਾਂ ਅਖ਼ਬਾਰਾਂ ਵਿਚ 105 ਕਿੱਲੋ ਹੈਰੋਇਨ ਨਾਲ ਮੁਲਜ਼ਮ ਕਾਬੂ ਹੋਣ ਦੀਆਂ ਛਪੀਆਂ ਖ਼ਬਰਾਂ ਦਿਖਾਉਂਦਿਆਂ ਇਸ ਮਾਮਲੇ ਵਿਚ ਕਾਂਗਰਸੀ ਆਗੂ ਦੇ ਸ਼ਾਮਲ ਹੋਣ ਦੇ ਦੋਸ਼ ਲਗਾਏ। ਸੋਂਧ ਨੇ ਕਿਹਾ ਕਿ ਇਹ ਖ਼ਬਰਾਂ ਭਾਜਪਾ ਅਤੇ ਕਾਂਗਰਸ ਦਾ ਅਸਲ ਚਿਹਰਾ ਪੰਜਾਬ ਦੇ ਲੋਕਾਂ ਅੱਗੇ ਨਸ਼ਰ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਅੰਮ੍ਰਿਤਸਰ ਦੇ ਬਾਬਾ ਬਕਾਲਾ ਵਿਚ ਕਾਂਗਰਸ ਦੇ ਸਰਕਲ ਪ੍ਰਧਾਨ ਨਵਜੋਤ ਸਿੰਘ ਲਹੌਰੀਆ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪੰਜਾਬ ਪੁਲਸ ਦੀ ਕਾਊਂਟਰ ਇੰਟੈਲੀਜੈਂਸ ਦੀ ਟੀਮ ਵੱਲੋਂ ਰੇਡ ਕਰਕੇ 105 ਕਿੱਲੋ ਹੈਰੋਇਨ, 31 ਕਿੱਲੋ ਕੈਫ਼ੀਨ, 17 ਕਿੱਲੋ DMR, 5 ਵਿਦੇਸ਼ੀ ਪਿਸਤੌਲ ਅਤੇ 1 ਦੇਸੀ ਕੱਟਾ ਬਰਾਮਦ ਕੀਤਾ ਗਿਆ।

ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਬਹੁਤ ਗੰਭੀਰ ਮੁੱਦਾ ਹੈ ਕਿ ਕਾਂਗਰਸ ਜਿਹੀ ਪਾਰਟੀ ਦੇ ਨਾਲ ਸਬੰਧ ਰੱਖਣ ਵਾਲੇ ਇਕ ਵਿਅਕਤੀ ਕੋਲੋਂ ਇੰਨੀ ਵੱਡੀ ਮਾਤਰਾ ਵਿਚ ਨਸ਼ਾ ਮਿਲਿਆ ਹੈ। ਇਹ ਮਾਮਲਾ ਉਸ ਵੇਲੇ ਹੋਰ ਸੰਗੀਨ ਹੋ ਗਿਆ, ਜਦੋਂ ਪਤਾ ਲੱਗਿਆ ਕਿ ਉਕਤ ਖੇਪ ਪਾਕਿਸਤਾਨ ਤੋਂ ਆਈ ਸੀ। ਇਹ ਪਹਿਲਾਂ ਜੰਮੂ ਪਹੁੰਚੀ ਤੇ ਉੱਥੋਂ ਪੰਜਾਬ ਆਈ। ਉਨ੍ਹਾਂ ਕਿਹਾ ਕਿ ਇਸ ਨਸ਼ੇ ਦੀ ਮਾਰਕੀਟ ਵੈਲੀਊ 500 ਕਰੋੜ ਦੇ ਕਰੀਬ ਹੈ।

ਇਸ ਦੇ ਨਾਲ ਹੀ ਤਰੁਣਪ੍ਰੀਤ ਸਿੰਘ ਸੋਂਧ ਨੇ ਕਿਹਾ ਕਿ ਪੰਜਾਬ ਪੁਲਸ ਨੇ ਬੀਤੇ ਦਿਨੀਂ ਫਿਰੋਜ਼ਪੁਰ ਦੇਹਾਤੀ ਤੋਂ ਵਿਧਾਇਕ ਰਹਿ ਚੁੱਕੀ ਸਾਬਕਾ ਵਿਧਾਇਕਾ ਸਤਿਕਾਰ ਕੌਰ ਗਹਿਰੀ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਮਗਰੋਂ ਭਾਰਤੀ ਜਨਤਾ ਪਾਰਟੀ ਨੇ ਉਨ੍ਹਾਂ ਤੋਂ ਆਪਣਾ ਪੱਲਾ ਝਾੜਦਿਆਂ 6 ਸਾਲਾਂ ਲਈ ਪਾਰਟੀ ਵਿਚੋਂ ਕੱਢ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਨਸ਼ਾ ਵਧਾਉਣ ਵਾਲੀ ਅਕਾਲੀ-ਭਾਜਪਾ ਦੀ ਸਰਕਾਰ ਸੀ ਤੇ ਉਨ੍ਹਾਂ ਦੇ ਕਾਰਜਕਾਲ ਦੌਰਾਨ ਹੀ ਨਸ਼ਾ ਸਿਖਰ ‘ਤੇ ਗਿਆ।

Leave a Reply

Your email address will not be published. Required fields are marked *