ਸਮਾਣਾ : ਪਿਛਲੇ ਲੰਬੇ ਸਮੇਂ ਤੋਂ ਪੰਜਾਬ ਅੰਦਰ ਵਾਪਰ ਰਹੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਰੋਸ ਵਜੋਂ ਪਿਛਲੇ ਇੱਕ ਹਫਤੇ ਤੋਂ ਸਮਾਣਾ ਵਿਖੇ ਸਥਿਤ ਬੀਐਸਐਨਐਲ ਟਾਵਰ ’ਤੇ ਪੰਥਕ ਲਹਿਰ ਦੇ ਆਗੂ ਗੁਰਜੀਤ ਸਿੰਘ ਖਾਲਸਾ ਬੈਠੇ ਹੋਏ ਹਨ। ਉਨ੍ਹਾਂ ਦੀ ਤੰਦਰੁਸਤੀ ਲਈ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਏ ਗਏ ਅਤੇ ਅਰਦਾਸ ਬੇਨਤੀ ਕੀਤੀ ਗਈ।
ਇਸ ਮੌਕੇ ਬੁਲਾਰਿਆਂ ਨੇ ਦੱਸਿਆ ਕਿ ਅਕਾਲੀ ਦਲ ਅਤੇ ਕਾਂਗਰਸ ਸਰਕਾਰਾਂ ਵੀ ਰਹੀਆਂ ਅਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਮੌਜੂਦਾ ਰਾਜ ਕਰ ਰਹੀ ਹੈ ਪਰ ਕੋਈ ਵੀ ਸਿਆਸੀ ਧਿਰ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ ਅਤੇ ਗੁਰੂ ਘਰਾਂ ਤੇ ਹੋ ਰਹੇ ਹਮਲਿਆਂ ਨੂੰ ਰੋਕਣ ਵਿੱਚ ਕਾਮਯਾਬ ਨਹੀਂ ਹੋਈ। ਇਨ੍ਹਾਂ ਘਟਨਾਵਾਂ ਤੋਂ ਦੁਖੀ ਹੋ ਕੇ ਭਾਈ ਗੁਰਜੀਤ ਸਿੰਘ ਜੀ ਖਾਲਸਾ ਪਿੰਡ ਖੇੜੀ ਨਗਾਈਆਂ 12 ਅਕਤੂਬਰ ਤੋਂ ਸਮਾਣਾ ਤਹਿਸੀਲ ਕੰਪਲੈਕਸ ਦੇ ਨੇੜੇ ਜੋ ਬੀ.ਐਸ.ਐਨ.ਐਲ ਦਾ ਤਕਰੀਬਨ 400 ਫੁੱਟ ਉੱਚਾ ਟਾਵਰ ਹੈ ਉਸ ਟਾਵਰ ’ਤੇ ਬੈਠੇ ਹਨ। ਉਨ੍ਹਾਂ ਦੀ ਮੰਗ ਹੈ ਕਿ ਵਿਧਾਨ ਸਭਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਹੋਰ ਧਰਮਾਂ ਨਾਲ ਸਬੰਧਤ ਧਾਰਮਿਕ ਗ੍ਰੰਥਾਂ ਲਈ 2018 ਵਿੱਚ ਪਾਸ ਕੀਤੇ ਗਏ ਕਾਨੂੰਨ ਨੂੰ ਜਲਦ ਲਾਗੂ ਕੀਤਾ ਜਾਵੇ। ਇਹ ਕਾਨੂੰਨ ਇਸ ਸਮੇਂ ਰਾਸਟਰਪਤੀ ਕੋਲ ਵਿਚਾਰ ਅਧੀਨ ਹੈ।