ਨੰਗਲ : ਦੇਸ਼ ਦੀ ਹਰੀ ਅਤੇ ਉਦਯੋਗਿਕ ਕ੍ਰਾਂਤੀ ਚ ਅਹਿਮ ਯੋਗਦਾਨ ਪਾਉਣ ਵਾਲਾ ਅਤੇ ਰਾਸ਼ਟਰ ਦਾ ਗੌਰਵ ਕਹੇ ਜਾਣ ਵਾਲੇ ਭਾਖੜਾ ਡੈਮ ਅੱਜ 22 ਅਕਤੂਬਰ 2024 ਨੂੰ 61 ਸਾਲ ਦਾ ਹੋ ਗਿਆ ਹੈ।
ਜ਼ਿਕਰਯੋਗ ਹੈ ਕਿ ਏਸ਼ੀਆ ਦਾ ਸਭ ਤੋਂ ਊੱਚਾ ਕਿਹਾ ਜਾਣ ਵਾਲਾ ਭਾਖੜਾ ਡੈਮ , 22 ਅਕਤੂਬਰ 1963 ਨੂੰ ਤਤਕਾਲੀ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਵਲੋਂ ਰਾਸ਼ਟਰ ਨੂੰ ਸਮਰਪਿਤ ਕੀਤਾ ਗਿਆ ਸੀ। ਭਾਖੜਾ ਡੈਮ ਦੇ ਸਥਾਪਨਾ ਦਿਵਸ਼ ਮੌਕੇ ਅੱਜ ਭਾਖੜਾ ਡੈਮ ਅਤੇ ਨੰਗਲ ਵਿਖੇ ਵਿਸ਼ੇਸ਼ ਸਮਾਗਮ ਕਰਵਾਏ ਜਾ ਰਹੇ ਹਨ,ਜਿਸ ਵਿੱਚ ਭਾਖੜਾ ਡੈਮ ਚੇਅਰਮੈਨ ਮਨੋਜ ਤਿ੍ਪਾਠੀ ਸਣੇ ਉੱਚ ਅਧਿਕਾਰੀਆਂ ਵਲੋਂ ਸ਼ਿਰਕਤ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਅਣਵੰਡੇ ਪੰਜਾਬ ਦੇ ਬਿਲਾਸ ਪੁਰ ਜਿਲੇ ( ਹੁਣ ਹਿਮਾਚਲ ਪ੍ਰਦੇਸ਼) ਦੇ ਪਿੰਡ ਭਾਖੜਾ ਕੋਲ ਦੋ ਤੰਗ ਪਹਾੜਾਂ ਵਿਚਕਾਰ ਬਣਿਆਾ ਭਾਖੜਾ ਡੈਮ 317 ਪਿੰਡਾ ਨੂੰ ਉਜਾੜ ਕੇ ਬਣਾਇਆ ਗਿਆ ਸੀ।
ਬੇਸ਼ਕ ਭਾਖੜਾ ਡੈਮ ਦੀ ਉਸਾਰੀ ਦੇਸ਼ ਦੀ ਅਜ਼ਾਦੀ ਪਿਛੋਂ ਸ਼ੁਰੂ ਹੋਈ ਸੀ,ਪਰ ਇਸ ਦੇ ਅਸਲ ਹੀਰੋ 1923 ਚ ਅਣਵੰਡੇ ਪੰਜਾਬ ਦੇ ਵਿਧਾਨਕਾਰ ਕੌਂਸਲ ਦੇ ਮੈਂਬਰ ਅਤੇ ਖੇਤੀਬਾੜੀ ਮੰਤਰੀ ਬਣੇ ਸਰ ਛੋਟੂ ਰਾਮ ਸਨ,ਜਿਨਾ ਨੇ 1945 ਵਿੱਚ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਯਤਨ ਸ਼ੁਰੂ ਕੀਤੇ। ਭਾਵੇਂ ਭਾਖੜਾ ਡੈਮ ਦੀ ਉਸਾਰੀ ਦਾ ਕੰਮ ਅਜ਼ਾਦੀ ਤੋਂ ਬਾਅਦ ਹੀ ਸ਼ੁਰੂ ਹੋਇਆ ਪਰ 1915 ਵਿੱਚ ਹੀ ਇਸ ਡੈਮ ਨੂੰ ਬਣਾਉਣ ਲਈ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ।ਨਿਕਸਲਨ ਦੀ ਖੋਜ ਤੋਂ ਬਾਅਦ 1920 ਤੋਂ 1938 ਦੋਰਾਨ ਇਸ ਡੈਮ ਤੇ ਕਾਫੀ ਕੰੰਮ ਕੀਤਾ ਗਿਆ।ਇਸ ਪ੍ਰਾਜੈਕਟ ਲਈ ਸਮਝੌਤੇ ਤਤਕਾਲੀ ਪੰਜਾਬ ਦੇ ਮਾਲ ਮੰਤਰੀ ਸਰ ਛੋਟੂ ਰਾਮ ਨੇ ਨਵੰਬਰ 1944 ਵਿਚ ਬਿਲਾਸਪੁਰ ਦੇ ਰਾਜੇ ਨਾਲ ਹਸਤਾਖਰ ਕੀਤੇ ਸਨ ਅਤੇ ਪ੍ਰਾਜੈਕਟ ਯੋਜਨਾ ਨੂੰ 8 ਜਨਵਰੀ 1945 ਨੂੰ ਅੰਤਮ ਰੂਪ ਦੇ ਦਿੱਤਾ ਸੀ।