ਜਲੰਧਰ – ਜਲੰਧਰ ਦਾ ਮਸ਼ਹੂਰ ਕੁੱਲ੍ਹੜ ਪੀਜ਼ਾ ਜੋੜਾ ਇੱਕ ਵਾਰ ਫਿਰ ਸੁਰਖੀਆਂ ਦਾ ਵਿਸ਼ਾ ਬਣਿਆ ਹੋਇਆ ਹੈ। ਬੀਤੇ ਕੁਝ ਦਿਨਾਂ ਤੋਂ ਇਸ ਜੋੜੇ ਨੂੰ ਲੈ ਕੇ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ, ਜਿਸ ਨੇ ਇੰਟਰਨੈੱਟ ‘ਤੇ ਤਰਥੱਲੀ ਮਚਾ ਦਿੱਤੀ ਹੈ। ਦਰਅਸਲ, ਹਾਲ ਹੀ ‘ਚ ਬਾਬਾ ਬੁੱਢਾ ਗਰੁੱਪ ਦੇ ਨਿਹੰਗ ਸਿੰਘਾਂ ਵੱਲੋਂ ਕੁੱਲ੍ਹੜ ਪੀਜ਼ਾ ਦੀ ਦੁਕਾਨ ‘ਤੇ ਕਾਫੀ ਹੰਗਾਮਾ ਕੀਤਾ ਗਿਆ ਸੀ। ਇਸ ਘਟਨਾ ਤੋਂ ਬਾਅਦ ਕੁੱਲ੍ਹੜ ਪੀਜ਼ਾ ਕਪਲ ਸਹਿਜ ਅਰੋੜਾ ਤੇ ਗੁਰਪ੍ਰੀਤ ਨੇ ਆਪਣੀ ਜਾਨ ਨੂੰ ਖ਼ਤਰਾ ਦੱਸਦਿਆਂ ਜਾਨ-ਮਾਲ ਦੀ ਰੱਖਿਆ ਲਈ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਹੈ। ਸੂਤਰਾਂ ਮੁਤਾਬਕ, ਕੁੱਲ੍ਹੜ ਪੀਜ਼ਾ ਕਪਲ ਨੇ ਸੁਰੱਖਿਆ ਮੁਹੱਇਆ ਲਈ ਇਹ ਪਟੀਸ਼ਨ ਦਾਇਰ ਕੀਤੀ ਹੈ।
ਸਹਿਜ ਅਰੋੜਾ ਨੇ ਕੀਤੀ ਇਹ ਮੰਗ
ਦੱਸ ਦਈਏ ਕਿ ਬੀਤੇ 2 ਦਿਨ ਪਹਿਲਾ ਸਹਿਜ ਅਰੋੜਾ ਨੇ ਇਕ ਵੀਡੀਓ ਸਾਂਝਾ ਕੀਤਾ ਸੀ, ਜਿਸ ‘ਚ ਉਹ ਆਖ ਰਿਹਾ ਸੀ ਕਿ ਉਹ ਜਲਦੀ ਹੀ ਅਕਾਲ ਤਖ਼ਤ ਸਾਹਿਬ ਵਿਖੇ ਜਾ ਕੇ ਜਥੇਦਾਰ ਸਾਹਿਬ ਨੂੰ ਮੰਗ ਪੱਤਰ ਸੌਂਪ ਕੇ ਪੁੱਛਣਗੇ ਕਿ ਉਸ ਨੂੰ ਪੱਗ ਬੰਨ੍ਹਣ ਦੀ ਇਜਾਜ਼ਤ ਹੈ ਜਾਂ ਨਹੀਂ। ਉਸ ਨੇ ਇਹ ਵੀ ਕਿਹਾ ਕਿ ਉਹ ਪ੍ਰਸ਼ਾਸਨ ਅਤੇ ਅਕਾਲ ਤਖ਼ਤ ਸਾਹਿਬ ਨੂੰ ਬੇਨਤੀ ਕਰਦਾ ਹੈ ਕਿ ਉਸ ਦੀ ਅਤੇ ਉਸ ਦੇ ਪਰਿਵਾਰ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ।