ਖੰਨਾ – ਖੰਨਾ ਪੁਲਸ ਵੱਲੋਂ ਮਾਛੀਵਾੜਾ ਸਾਹਿਬ ਵਿਖੇ ਕੁੱਝ ਦਿਨ ਪਹਿਲਾਂ ਸਕੂਲ ਮਾਲਕ ‘ਤੇ ਹੋਏ ਜਾਨਲੇਵਾ ਹਮਲੇ ਦੀ ਗੁੱਥੀ ਨੂੰ ਸੁਲਝਾ ਕੇ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਫ਼ਾਇਰਿੰਗ ਅਮਰੀਕਾ ਬੈਠੇ ਵਿਅਕਤੀ ਨੇ ਕਰਵਾਈ ਸੀ।
ਐੱਸ.ਐੱਸ.ਪੀ. ਅਸ਼ਵਨੀ ਗੋਟਿਆਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਐੱਸ.ਪੀ. ਸੌਰਵ ਜਿੰਦਲ, ਡੀ.ਐੱਸ.ਪੀ. ਤਰਲੋਚਨ ਸਿੰਘ, ਡੀ.ਐੱਸ.ਪੀ. ਸੁਖਅੰਮ੍ਰਿਤ ਸਿੰਘ ਦੀ ਟੀਮ ਨੇ ਸੀ.ਆਈ.ਏ. ਸਟਾਫ, ਮਾਛੀਵਾੜਾ ਪੁਲਸ ਨੇ ਇਕ ਨੂੰ ਕਾਬੂ ਕਿੱਤਾ ਹੈ। ਉਨ੍ਹਾਂ ਦੱਸਿਆ ਕਿ ਸਕੂਲ ਮਾਲਕ ‘ਤੇ ਗੋਲ਼ੀ ਉਨ੍ਹਾਂ ਨੂੰ ਡਰਾ ਕੇ ਫਿਰੌਤੀ ਮੰਗਣ ਲਈ ਅਮਰੀਕਾ ‘ਚ ਬੈਠੇ ਵਿਅਕਤੀ ਨੇ ਚਲਵਾਈ ਸੀ। ਦੋ ਲੱਖ ਦੇਣ ਦਾ ਲਾਲਚ ਦੇ ਕੇ ਅੰਮ੍ਰਿਤਸਰ ਇਲਾਕੇ ਤੋਂ ਦੋ ਬਦਮਾਸ਼ ਭੇਜੇ ਗਏ ਸੀ, ਜਿਨ੍ਹਾਂ ਨੇ ਸਕੂਲ ਮਾਲਿਕ ‘ਤੇ ਗੋਲ਼ੀ ਚਲਾਈ। ਪੁਲਸ ਟੀਮਾਂ ਨੇ ਤਫਤੀਸ਼ ਦੌਰਾਨ ਵੱਖ-ਵੱਖ ਪੁਲਸ ਟੀਮਾਂ ਬਣਾ ਕੇ ਨਾ-ਮਲੂਮ ਦੋਸ਼ੀਆਂ ਦੀ ਭਾਲ ਸ਼ੁਰੂ ਕੀਤੀ।
ਇਸ ਦੌਰਾਨ ਪ੍ਰਿਤਪਾਲ ਸਿੰਘ ਉਰਫ ਗੋਰਾ ਪੁੱਤਰ ਕੁਲਵਿੰਦਰ ਸਿੰਘ ਉਰਫ ਕਿੰਦਾ ਵਾਸੀ ਨਵੀਂ ਅਬਾਦੀ, ਨੇੜੇ ਮਾਤਾ ਰਾਣੀ ਮੰਦਰ ਅਟਾਰੀ, ਥਾਣਾ ਘਰਿੰਡਾ, ਜ਼ਿਲ੍ਹਾ ਅੰਮ੍ਰਿਤਸਰ ਨੂੰ ਅੰਮ੍ਰਿਤਸਰ ਸਾਹਿਬ ਤੋਂ ਗ੍ਰਿਫ਼ਤਾਰ ਕੀਤਾ ਗਿਆ। ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਪ੍ਰਿਤਪਾਲ ਸਿੰਘ ਅਤੇ ਇਸ ਦੇ ਇਕ ਹੋਰ ਸਾਥੀ ਨੇ ਆਪਣੇ ਵਿਦੇਸ਼ ਬੈਠੇ ਸਾਥੀਆਂ ਨਾਲ ਮਿਲ ਕੇ ਮੁਦਈ ਨੂੰ ਡਰਾਉਣ/ਧਮਕਾਉਣ ਅਤੇ ਫਿਰੌਤੀ ਮੰਗਣ ਦੀ ਨੀਯਤ ਨਾਲ ਉਸ ਤੇ ਹਮਲਾ ਕੀਤਾ ਹੈ। ਗ੍ਰਿਫ਼ਤਾਰ ਹੋਏ ਮੁਲਜ਼ਮ ਪਾਸੋਂ ਪੁੱਛਗਿੱਛ ਜਾਰੀ ਹੈ। ਜਲਦੀ ਹੀ ਹੋਰ ਖ਼ੁਲਾਸੇ ਕੀਤੇ ਜਾਣਗੇ।