ਮੁੰਬਈ, ਉਦਯੋਗਪਤੀ ਰਤਨ ਟਾਟਾ ਦੀ ਮ੍ਰਿਤਕ ਦੇਹ ਨੂੰ ਅੰਤਿਮ ਸ਼ਰਧਾਂਜਲੀ ਦੇਣ ਲਈ ਮੁੰਬਈ ਦੇ ਨਰੀਮਨ ਪੁਆਇੰਟ ਸਥਿਤ ਐਨਸੀਪੀਏ ਲਾਅਨ ਵਿਖੇ ਰੱਖਿਆ ਜਾਵੇਗਾ। ਜਿਸ ਉਪਰੰਤ ਮ੍ਰਿਤਕ ਦੇਹ ਨੂੰ ਸ਼ਾਮ 4 ਵਜੇ ਅੰਤਿਮ ਯਾਤਰਾ ਲਈ ਲਿਜਾਇਆ ਜਾਵੇਗਾ। ਜਾਰੀ ਬਿਆਨ ਅਨੁਸਾਰ ਰਤਨ ਟਾਟਾ(Ratan Tata) ਦਾ ਅੰਤਿਮ ਸੰਸਕਾਰ ਵਰਲੀ ਸ਼ਮਸ਼ਾਨ ਘਾਟ ਵਿਖੇ ਹੋਵੇਗਾ। ਰਤਨ ਟਾਟਾ ਚੇਅਰਮੈਨ ਐਮਰੀਟਸ, ਟਾਟਾ ਸੰਨਜ਼ ਦਾ ਬੁੱਧਵਾਰ ਨੂੰ 86 ਸਾਲ ਦੀ ਉਮਰ ਵਿੱਚ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਦਿਹਾਂਤ ਹੋ ਗਿਆ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਭਾਰਤ ਸਰਕਾਰ ਦੀ ਤਰਫੋਂ ਉਦਯੋਗਪਤੀ ਰਤਨ ਟਾਟਾ (Ratan Tata) ਦੀਆਂ ਅੰਤਿਮ ਰਸਮਾਂ ਵਿੱਚ ਸ਼ਾਮਲ ਹੋਣਗੇ। ਦੇਸ਼ ਦੇ ਉੱਘੇ ਉਦਯੋਗਪਤੀ ਦੇ ਦੇਹਾਂਤ ਦੇ ਵੱਖ ਵੱਖ ਸਿਆਸੀ ਆਗੂਆਂ ਤੋਂ ਇਲਾਵਾ ਉਦਯੋਗ ਜਗਤ ਅਤੇ ਬਾਲੀਵੁੱਡ ਇੰਡਸਟਰੀ ਵੱਲੋਂ ਵੀ ਦੁੱਖ ਪ੍ਰਗਟ ਕਰਦਿਆਂ ਸੰਦੇਸ਼ ਸਾਂਝੇ ਕੀਤੇ ਜਾ ਰਹੇ ਹਨ।
ਪ੍ਰਧਾਨ ਮੰਤਰੀ ਮੋਦੀ ਨੇ ਨੋਏਲ ਟਾਟਾ ਨਾਲ ਗੱਲ ਕੀਤੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ 21ਵੇਂ ਏਸ਼ੀਅਨ-ਭਾਰਤ ਸੰਮੇਲਨ ਅਤੇ 19ਵੇਂ ਪੂਰਬੀ ਏਸ਼ੀਆ ਸੰਮੇਲਨ ’ਚ ਹਿੱਸਾ ਲੈਣ ਲਈ ਦੋ ਦਿਨਾਂ ਲਾਓਸ ਦੌਰੇ ’ਤੇ ਜਾਣ ਤੋਂ ਪਹਿਲਾਂ ਵੀਰਵਾਰ ਨੂੰ ਰਤਨ ਟਾਟਾ ਦੇ ਭਰਾ ਨੋਏਲ ਟਾਟਾ ਨਾਲ ਗੱਲਬਾਤ ਕਰਦਿਆਂ ਸੰਵੇਦਨਾ ਪ੍ਰਗਟ ਕੀਤੀ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ‘ਐਕਸ’ ’ਤੇ ਪੋਸਟਾਂ ਦੀ ਇੱਕ ਲੜੀ ਵਿੱਚ ਟਾਟਾ ਸੰਨਜ਼ ਦੇ ਚੇਅਰਮੈਨ ਐਮਰੀਟਸ ਰਤਨ ਟਾਟਾ ਦੇ ਦੇਹਾਂਤ ’ਤੇ ਦੁੱਖ ਪ੍ਰਗਟ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਤਨ ਟਾਟਾ ਨੂੰ “ਦ੍ਰਿਸ਼ਟੀ ਵਾਲੇ ਕਾਰੋਬਾਰੀ ਨੇਤਾ, ਦਿਆਲੂ ਆਤਮਾ ਅਤੇ ਇੱਕ ਅਸਾਧਾਰਨ ਮਨੁੱਖ” ਕਿਹਾ।